ਪੱਤਰ ਪ੍ਰੇਰਕ/ਪੀਟੀਆਈ
ਪਾਇਲ/ਚੰਡੀਗੜ੍ਹ, 4 ਸਤੰਬਰ
ਪਿੰਡ ਰੋਹਣੋ ਖੁਰਦ ’ਚ ਕਿਸਾਨ ਸੱਜਣ ਸਿੰਘ ਉਰਫ ਛੱਜੂ ਦੇ ਘਰ ਕੁਝ ਵਿਅਕਤੀ ਸਵੇਰੇ 5 ਵਜੇ ਕਰ ਅਧਿਕਾਰੀ ਬਣ ਕੇ ਆਏ ਤੇ 25 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਏ। ਮੁਲਜ਼ਮਾਂ ਕੋਲ ਹਥਿਆਰ ਵੀ ਸਨ। ਪੀੜਤ ਪਰਿਵਾਰ ਨੇ ਇਸ ਘਟਨਾ ਦੀ ਜਾਣਕਾਰੀ ਪੁਲੀਸ ਚੌਕੀ ਈਸੜੂ ਨੂੰ ਦਿੱਤੀ, ਜਿਸ ਮਗਰੋਂ ਡੀਐੱਸਪੀ ਵਿਲੀਅਮ ਜੇਜੀ, ਐੱਸਐੱਚਓ ਨਛੱਤਰ ਸਿੰਘ, ਚੌਕੀ ਇੰਚਾਰਜ ਸੁਖਵਿੰਦਰ ਸਿੰਘ ਸੁੱਖੀ ਪੁਲੀਸ ਪਾਰਟੀ ਸਣੇ ਮੌਕੇ ’ਤੇ ਪੁੱਜੇ। ਪੁਲੀਸ ਨੂੰ ਸ਼ੱਕ ਹੈ ਕਿ ਇਸ ਘਟਨਾ ਪਿੱਛੇ ਕਿਸੇ ਜਾਣਕਾਰ ਦਾ ਹੱਥ ਹੋ ਸਕਦਾ ਹੈ, ਜਿਸ ਨੂੰ ਘਰ ਵਿੱਚ ਇੰਨੀ ਵੱਡੀ ਰਕਮ ਪਈ ਹੋਣ ਬਾਰੇ ਪਤਾ ਸੀ। ਸੱਜਣ ਸਿੰਘ ਉਰਫ ਛੱਜੂ ਪੁੱਤਰ ਮੁਖਤਿਆਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸਵੇਰੇ 5 ਵਜੇ ਚਾਰ ਵਿਅਕਤੀ ਉਸ ਦੇ ਘਰ ਆਏ, ਉਨ੍ਹਾਂ ਦੇ ਮੂੰਹ ਮਾਸਕ ਨਾਲ ਢਕੇ ਹੋਏ ਸਨ। ਉਨ੍ਹਾਂ ਖ਼ੁਦ ਨੂੰ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਦੱਸਦਿਆਂ ਘਰ ਵਿੱਚ ਪਏ ਸਾਰੇ ਸਾਮਾਨ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਘਰ ਵਿੱਚ ਪਈ 25 ਲੱਖ ਰੁਪਏ ਦੀ ਨਕਦੀ ਆਪਣੇ ਕਬਜ਼ੇ ਵਿੱਚ ਲੈ ਲਈ, ਜੋ ਜ਼ਮੀਨ ਖਰੀਦਣ ਲਈ ਉਹ ਘਰੇ ਲਿਆਇਆ ਸੀ। ਉਕਤ ਵਿਅਕਤੀਆਂ ਨੇ ਸਾਰੇ ਪਰਿਵਾਰ ਨੂੰ ਇੱਕ ਕਮਰੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ ਤੇ ਨਕਦੀ ਲੈ ਕੇ ਫਰਾਰ ਹੋ ਗਏ। ਸੱਜਣ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵਿੱਚੋਂ ਤਿੰਨ ਮੋਨੇ ਸਨ ਤੇ ਇੱਕ ਦੇ ਪੱਗ ਬੰਨ੍ਹੀ ਹੋਈ ਸੀ। ਇਨ੍ਹਾਂ ਵਿੱਚੋਂ ਦੋ ਦੇ ਹੱਥਾਂ ਵਿਚ ਰਿਵਾਲਵਰ ਸਨ। ਜਾਣਕਾਰੀ ਅਨੁਸਾਰ ਇਹ ਪੈਸੇ ਸੱਜਣ ਸਿੰਘ ਨੇ ਇੱਕ ਪਲਾਟ ਵੇਚ ਕੇ ਲਿਆਂਦੇ ਸਨ, ਜਿਨ੍ਹਾਂ ਨਾਲ ਉਹ ਇੱਕ ਹੋਰ ਥਾਂ ਕੁਝ ਜ਼ਮੀਨ ਖਰੀਦਣੀ ਚਾਹੁੰਦਾ ਸੀ। ਪੁਲੀਸ ਅਧਿਕਾਰੀਆਂ ਅਨੁਸਾਰ ਚਾਰੇ ਮੁਲਜ਼ਮਾਂ ਕੋਲ ਪਿਸਤੌਲ ਸਨ ਤੇ ਅੱਧੇ ਘੰਟੇ ’ਚ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।