ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ/ਬਸੀ ਪਠਾਣਾਂ, 5 ਮਾਰਚ
ਇਥੋਂ ਦੀ ਚੁੰਗੀ ਨੰਬਰ-4 ਕੋਲ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏਟੀਐੱਮ ਨੂੰ ਲੁਟੇਰੇ ਸਵੇਰੇ ਤਿੰਨ ਵਜੇ ਪੁੱਟ ਕੇ ਲੈ ਗਏ। ਇਸ ਵਿੱਚ 18.88 ਲੱਖ ਰੁਪਏ ਸਨ। ਮੌਕੇ ’ਤੇ ਪਹੁੰਚੇ ਡੀਐੱਸਪੀ (ਜਾਂਚ) ਰਘਵੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਲਗਪਗ ਤਿੰਨ ਵਜੇ ਚੋਰ ਏਟੀਐੱਮ ਪੁੱਟ ਕੇ ਇੱਕ ਵਾਹਨ ਨਾਲ ਬੰਨ੍ਹ ਕੇ ਲੈ ਗਏ। ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਤਿੰਨ ਵਿਅਕਤੀ ਘਟਨਾ ਨੂੰ ਅੰਜਾਮ ਦਿੰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਫਿੰਗਰ ਪ੍ਰਿੰਟ ਵਾਲੀ ਟੀਮ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਬੈਂਕ ਮੈਨੇਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਏਟੀਐੱਮ ਵਿੱਚ 4.50 ਲੱਖ ਰੁਪਏ ਪਹਿਲਾਂ ਪਏ ਸਨ ਅਤੇ ਬੀਤੇ ਦਿਨ 18 ਲੱਖ ਰੁਪਏ ਹੋਰ ਪਾਏ ਗਏ ਸਨ। ਜਦੋਂ ਚੋਰਾਂ ਨੇ ਏਟੀਐੱਮ ਪੁੱਟਿਆ ਉਦੋਂ ਮਸ਼ੀਨ ਵਿੱਚ 18 ਲੱਖ 88 ਹਜ਼ਾਰ ਰੁਪਏ ਸਨ।