ਡੀਪੀਐੱਸ ਬੱਤਰਾ
ਸਮਰਾਲਾ, 17 ਅਪਰੈਲ
ਇੱਥੋਂ ਨੇੜਲੇ ਪਿੰਡ ਮਾਨੂੰਪੁਰ ਵਿੱਚ ਇਕ ਨੌਜਵਾਨ ਨੇ ਆਪਣੇ ਚਾਚੇ ਨੂੰ ਟਰੈਕਟਰ ਹੇਠ ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਕਤਲ ਦੇ ਇਸ ਮਾਮਲੇ ’ਤੇ ਪਰਦਾ ਪਾਉਣ ਲਈ ਪਰਿਵਾਰ ਵਾਲੇ ਅਤੇ ਮ੍ਰਿਤਕ ਦਾ ਲੜਕਾ ਸਸਕਾਰ ਕਰਨ ਲਈ ਲਾਸ਼ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਲੈ ਗਏ।
ਇਸ ਮਾਮਲੇ ਸਬੰਧੀ ਜਦੋਂ ਪੁਲੀਸ ਨੂੰ ਸੂਹ ਲੱਗੀ ਤਾਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਸਕਾਰ ਵਿਚਾਲੇ ਰੁਕਵਾ ਦਿੱਤਾ ਅਤੇ ਚਿਖਾ ਵਿੱਚੋਂ ਕੱਢ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲੀਸ ਚੌਕੀ ਬਰਧਾਲਾ ਦੇ ਅਧਿਕਾਰੀ ਜਗਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਾਨੂੰਪੁਰ ਵਿੱਚ ਅਵਤਾਰ ਸਿੰਘ (65) ਪੁੱਤਰ ਅਜੀਤ ਸਿੰਘ ਨੂੰ ਉਸ ਦੇ ਸਕੇ ਭਤੀਜੇ ਅਮਰੀਕ ਸਿੰਘ ਨੇ ਆਪਣੇ ਖੇਤਾਂ ਵਿੱਚ ਮੋਟਰ ’ਤੇ ਟਰੈਕਟਰ ਹੇਠ ਦਰੜ ਕੇ ਮਾਰ ਦਿੱਤਾ ਹੈ।
ਮੁਲਜ਼ਮ ਦੇ ਪਰਿਵਾਰ ਵੱਲੋਂ ਅਵਤਾਰ ਸਿੰਘ ਦੇ ਪੁੱਤਰ ਜਸਪ੍ਰੀਤ ਸਿੰਘ ਨਾਲ ਮਿਲ ਕੇ ਕਤਲ ਦੇ ਮਾਮਲੇ ਨੂੰ ਦਬਾਉਣ ਦੀ ਨੀਅਤ ਨਾਲ ਅਵਤਾਰ ਸਿੰਘ ਦਾ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਜਾ ਰਿਹਾ ਹੈ। ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਪੁਲੀਸ ਨੇ ਸ਼ਮਸ਼ਾਨਘਾਟ ਵਿੱਚ ਪਹੁੰਚ ਕੇ ਚਿਖਾ ’ਤੇ ਜਲ ਰਹੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ ਹੈ। ਪੁਲੀਸ ਨੇ ਅਵਤਾਰ ਸਿੰਘ ਦੇ ਭਤੀਜੇ ਅਤੇ ਉਸ ਦੇ ਪੁੱਤਰ ਖਿਲਾਫ਼ ਕਤਲ ਦਾ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ ਪਰ ਫ਼ਿਲਹਾਲ ਮੁਲਜ਼ਮ ਫਰਾਰ ਹਨ।