ਪਾਲ ਸਿੰਘ ਨੌਲੀ
ਜਲੰਧਰ, 30 ਜਨਵਰੀ
ਸਿੰਘੂ ਤੇ ਟਿਕਰੀ ਹੱਦ ’ਤੇ ਬੀਤੇ ਦਿਨ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਹਮਲਿਆਂ ਵਿਰੁੱਧ ਪੰਜਾਬ ਦੇ ਲੋਕਾਂ ਵਿੱਚ ਤਿੱਖਾ ਰੋਹ ਜਾਗਿਆ ਹੈ। ਦਿੱਲੀ ਦੀਆਂ ਬਰੂਹਾਂ ’ਤੇ ਲੱਗੇ ਧਰਨਿਆਂ ਦੀ ਹਮਾਇਤ ਲਈ ਪੰਜਾਬ ਵਿੱਚੋਂ ਵੱਡੀ ਗਿਣਤੀ ’ਚ ਲੋਕਾਂ ਨੇ ਮੋਰਚਿਆਂ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਜਲੰਧਰ ਦੇ ਜੰਡਿਆਲਾ, ਨਕੋਦਰ, ਸ਼ਾਹਕੋਟ, ਲੋਹੀਆਂ ਤੇ ਕਪੂਰਥਲਾ ਜ਼ਿਲ੍ਹੇ ਦੀ ਸੁਲਤਾਨਪੁਰ, ਫਗਵਾੜਾ ਤੇ ਭੁਲੱਥ ਸਬ ਡਿਵੀਜ਼ਨਾਂ ਵਿੱਚੋਂ ਹਜ਼ਾਰਾਂ ਲੋਕ ਟਰੈਕਟਰ-ਟਰਾਲੀਆਂ ਤੇ ਗੱਡੀਆਂ ਲੈ ਕੇ ਅੱਜ ਸਵੇਰ ਤੋਂ ਹੀ ਦਿੱਲੀ ਵੱਲ ਕੂਚ ਕਰ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਵਾਈਸ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਕਾਫਲਾ ਪਿੰਡ ਚਚਰਾੜੀ ਤੋਂ ਰਵਾਨਾ ਹੋਇਆ। ਨਕੋਦਰ, ਲੋਹੀਆਂ, ਸੁਲਤਾਨਪੁਰ ਲੋਧੀ ਤੇ ਕਪੂਰਥਲਾ ਤੋਂ 40 ਦੇ ਕਰੀਬ ਟਰਾਲੀਆਂ ਤੇ ਗੱਡੀਆਂ ਦਿੱਲੀ ਲਈ ਰਵਾਨਾ ਹੋਈਆਂ। ਇਸ ਜਥੇ ਦੀ ਅਗਵਾਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਕਰ ਰਹੇ ਸਨ। ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਘੁੰਮਣ ਤੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਸਾਰਾ ਦਿਨ ਪਿੰਡਾਂ ਵਿਚ ਮੀਟਿੰਗਾਂ ਕਰਕੇ ਦਿੱਲੀ ਜਾਣ ਲਈ ਕਿਸਾਨਾਂ ਦੀ ਲਾਮਬੰਦੀ ਕੀਤੀ। ਉਨ੍ਹਾਂ ਦੱਸਿਆ ਕਿ ਮੋਰਚੇ ’ਚ ਅੱਜ ਦੋਆਬੇ ਵਿਚੋਂ ਤਿੰਨ ਹਜ਼ਾਰ ਤੋਂ ਵੱਧ ਲੋਕ ਦਿੱਲੀ ਲਈ ਰਵਾਨਾ ਹੋਏ ਹਨ। ਸ਼ਹੀਦ ਫੇਰੂਮਾਨ ਦੇ ਪਿੰਡ ਤੋਂ ਆਈ ਟਰਾਲੀ ’ਚ ਸਵਾਰ ਬਜ਼ੁਰਗਾਂ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜਿਸ ਪਰਿਵਾਰ ਦਾ ਮੈਂਬਰ ਦਿੱਲੀ ਨਹੀਂ ਜਾਵੇਗਾ ਉਸ ਨੂੰ 2000 ਰੁਪਏ ਜੁਰਮਾਨਾ ਲਾਇਆ ਜਾਵੇਗਾ।