ਪੱਤਰ ਪ੍ਰੇਰਕ
ਗੜ੍ਹਸ਼ੰਕਰ, 4 ਸਤੰਬਰ
ਸਥਾਨਕ ਤਹਿਸੀਲ ਦੇ ਕਈ ਪਿੰਡਾਂ ਵਿੱਚ ਖਣਨ ਮਾਫ਼ੀਆ ਦੀਆਂ ਗਤੀਵਿਧੀਆਂ ਨੇ ਜਿੱਥੇ ਲਿੰਕ ਸੜਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ, ਉੱਥੇ ਹੀ ਇਲਾਕੇ ਦੇ ਖੇਤਾਂ ਵਿੱਚ ਲਗਾਏ ਰੈਂਪਾਂ ਤੋਂ ਮਿੱਟੀ ਰੇਤ ਦੀ ਸਪਲਾਈ ਕਰਕੇ ਇਲਾਕੇ ਦਾ ਭੂਗੋਲ ਹੀ ਵਿਗਾੜ ਦਿੱਤਾ ਹੈ। ਇਸ ਸਬੰਧੀ ਖਣਨ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਜ਼ਿਕਰਯੋਗ ਹੈ ਕਿ ਇਲਾਕੇ ਦੇ ਕਸਬਾ ਸੈਲਾ ਖੁਰਦ ਤੋਂ ਜੇਜੋਂ ਦੋਆਬਾ ਵਿਚਕਾਰ ਪੈਂਦੇ ਅਨੇਕਾਂ ਪਿੰਡਾਂ ਪੱਖੋਵਾਲ, ਕੁੱਕੜਾਂ, ਰਾਮ ਪੁਰ, ਬਿਲੜੋਂ, ਗੱਜਰ, ਮਹਿਦੂਦ, ਬੀਰਮਪੁਰ, ਹਾਜੀਪੁਰ, ਲਹਿਰਾ, ਸੌਲੀ ਆਦਿ ਵਿੱਚ ਰੇਤ ਮਿੱਟੀ ਦੀ ਅੰਨ੍ਹੇਵਾਹ ਸਪਲਾਈ ਹੋਣ ਕਰਕੇ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਪਿੰਡਾਂ ਵਿੱਚ ਥਾਂ ਥਾਂ ਖੇਤਾਂ ਵਿੱਚ ਲਗਾਏ ਰੈਂਪਾਂ ਤੋਂ ਮਿੱਟੀ ਤੇ ਰੇਤ ਦੀ ਪੁਟਾਈ ਕੀਤੀ ਜਾ ਰਹੀ ਹੈ। ਖੇਤਰ ਦੇ ਭੱਠਾ ਮਾਲਕਾਂ ਵੱਲੋਂ ਵੀ ਮਿੱਟੀ ਦੀ ਪੁਟਾਈ ਕਰਦਿਆਂ ਖਣਨ ਮਹਿਕਮੇ ਦੇ ਨਿਯਮਾਂ ਨੂੰ ਛਿੱਕੇ ’ਤੇ ਟੰਗਿਆ ਜਾ ਰਿਹਾ ਹੈ ਜਿਸ ਕਰਕੇ ਜੇਜੋਂ ਦੋਆਬਾ ਤੋਂ ਨਿਕਲਦੀਆਂ ਬਰਸਾਤੀ ਖੱਡਾਂ ਤੇ ਚੋਆਂ ਦੇ ਕੁਦਰਤੀ ਰਸਤੇ ਤਬਦੀਲ ਹੋ ਗਏ ਹਨ। ਪਿੰਡ ਰਾਮ ਪੁਰ ਬਿਲੜੋਂ ਦੇ ਵਸਨੀਕ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਨਾਜਾਇਜ਼ ਢੰਗ ਨਾਲ ਮਿੱਟੀ ਰੇਤ ਦੀ ਸਪਲਾਈ ਕਰਨ ਵਾਲੇ ਵਾਹਨਾਂ ਨੇ ਲਿੰਕ ਸੜਕਾਂ ਤਬਾਹ ਕਰ ਦਿੱਤੀਆਂ ਹਨ। ਉਧਰ, ਖਣਨ ਵਿਭਾਗ ਦੇ ਇੰਸਪੈਕਟਰ ਹਰਮਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਬਾਰੇ ਪੜਤਾਲ ਕਰਨਗੇ ਅਤੇ ਬੇਨਿਯਮੀਆਂ ਦੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕਰਨਗੇ।