ਪੱਤਰ ਪ੍ਰੇਰਕ
ਚੰਡੀਗੜ੍ਹ, 6 ਅਪਰੈਲ
ਪੰਜਾਬ ਸਟੇਟ ਵੈਟਰਨਰੀ ਆਫੀਸਰਜ਼ ਐਸੋਸੀਏਸ਼ਨ ਨੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕਿਸਾਨ ਹਿਤੈਸ਼ੀ ਮੁੱਦਿਆਂ ਸਣੇ ਕੇਡਰ ਨਾਲ ਸਬੰਧਤ ਮੁੱਦੇ ਰੱਖੇ ਗਏ। ਮੰਤਰੀ ਨੇ ਹਰ ਮਸਲੇ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਵਫ਼ਦ ਨੂੰ ਕਿਸਾਨਾਂ/ਪਸ਼ੂ ਪਾਲਕਾਂ ਦੀ ਭਲਾਈ ਲਈ ਕੰਮ ਕਰਨ ਲਈ ਕਿਹਾ। ਉਨ੍ਹਾਂ ਵਫ਼ਦ ਨੂੰ ਵੈਟਰਨਰੀ ਕੇਡਰ ਦੀਆਂ ਮੰਗਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਵਫ਼ਦ ’ਚ ਜਥੇਬੰਦੀ ਦੇ ਮੁੱਖ ਸਲਾਹਕਾਰ ਡਾ. ਸਰਬਜੀਤ ਸਿੰਘ ਰੰਧਾਵਾ, ਪ੍ਰਧਾਨ ਡਾ. ਗੁਰਦਿੱਤ ਸਿੰਘ ਔਲਖ, ਡਾ. ਦਰਸ਼ਨ ਖੇੜੀ, ਡਾ. ਗੁਰਦੇਵ ਸਿੰਘ ਆਦਿ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੰਤਰੀ ਨੂੰ ਸੌਂਪੇ ਮੰਗ ਪੱਤਰ ’ਚ ਦਰਜ ਮੰਗਾਂ ਵਿੱਚ ਸਿੰਥੈਟਿਕ ਤੇ ਨਕਲੀ ਦੁੱਧ ਦੇ ਧੰਦੇ ’ਚ ਸਰਗਰਮ ਮਾਫੀਆ ਦਾ ਖ਼ਾਤਮਾ ਕਰਨਾ ਸਮੇਤ ਹੋਰ ਮੁੱਦੇ ਸ਼ਾਮਲ ਹਨ।