ਤੇਜਿੰਦਰ ਸਿੰਘ ਖ਼ਾਲਸਾ
ਚੋਹਲਾ ਸਾਹਿਬ, 6 ਮਾਰਚ
ਇਥੋਂ ਨੇੜਲੇ ਪਿੰਡ ਗੰਡੀਵਿੰਡ ਧੱਤਲ ਵਿੱਚ ਇੱਕ ਵਿਅਕਤੀ ਵੱਲੋਂ ਪੰਚਾਇਤੀ ਜਗ੍ਹਾ ’ਤੇ ਨਿਸ਼ਾਨ ਸਾਹਿਬ ਲਗਾਉਣ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਰੇਹੜੀ ’ਤੇ ਰੱਖ ਕੇ ਲਿਜਾਣ ਸਬੰਧੀ ਪਿੰਡ ਵਾਸੀਆਂ ਨੇ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਮੁਕਤ ਮੁਲਾਜ਼ਮ ਪ੍ਰਤਾਪ ਸਿੰਘ ਗੰਡੀਵਿੰਡ ਨੇ ਜਥੇਦਾਰ ਅਤੇ ਕਮੇਟੀ ਪ੍ਰਧਾਨ ਜਗੀਰ ਕੌਰ ਨੂੰ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਕਿ ਪਿੰਡ ਦੇ ਇੱਕ ਵਿਅਕਤੀ ਵੱਲੋਂ ਸ਼ਮਸ਼ਾਨਘਾਟ ਵਾਲੀ ਪੰਚਾਇਤੀ ਜਗ੍ਹਾ ’ਤੇ ਕਬਜ਼ਾ ਕਰਨ ਲਈ ਵਾਰ-ਵਾਰ ਨਿਸ਼ਾਨ ਸਾਹਿਬ ਲਾਇਆ ਜਾ ਰਿਹਾ ਹੈ, ਜਦਕਿ ਨਿਸ਼ਾਨ ਸਾਹਿਬ ਸਿਰਫ ਗੁਰਦੁਆਰੇ ਵਿੱਚ ਹੀ ਝੂਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਜਦੋਂ ਉਸ ਨੇ ਅਜਿਹਾ ਕੀਤਾ ਸੀ ਤਾਂ ਸ਼੍ਰੋਮਣੀ ਕਮੇਟੀ ਦੀ ਹਦਾਇਤ ਅਨੁਸਾਰ ਨਿਸ਼ਾਨ ਸਾਹਿਬ ਉਥੋਂ ਹਟਾ ਦਿੱਤਾ ਗਿਆ ਸੀ ਪਰ ਹੁਣ ਫਿਰ ਉਸ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬੀਤੀ ਰਾਤ ਉਹੀ ਵਿਅਕਤੀ ਮੋਟਰਸਾਈਕਲ ਵਾਲੀ ਰੇਹੜੀ ’ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਕੇ ਉਸੇ ਜਗ੍ਹਾ ਲੈ ਗਿਆ, ਜੋ ਪਾਵਨ ਸਰੂਪ ਦਾ ਨਿਰਾਦਰ ਹੈ। ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਇਸ ਦਾ ਵਿਰੋਧ ਕੀਤਾ, ਜਿਸ ਮਗਰੋਂ ਪਾਵਨ ਸਰੂਪ ਮੁੜ ਗੁਰਦੁਆਰੇ ਲਿਜਾਇਆ ਗਿਆ। ਸਾਬਕਾ ਮੈਨੇਜਰ ਪ੍ਰਤਾਪ ਸਿੰਘ ਗੰਡੀਵਿੰਡ ਨੇ ਇਸ ਸਬੰਧੀ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁੱਖ ਆਸਣ ਤੋਂ ਹੇਠਾਂ ਰੱਖੇ ਮਿਲੇ
ਰੂੜੇਕੇ ਕਲਾਂ (ਅੰਮ੍ਰਿਤਪਾਲ ਸਿੰਘ ਧਾਲੀਵਾਲ): ਬਰਨਾਲਾ ਜ਼ਿਲ੍ਹੇ ਦੇ ਪਿੰਡ ਖੁੱਡੀ ਖੁਰਦ ’ਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਪਿੰਡ ਵਾਸੀਆਂ ਅਨੁਸਾਰ ਕਿਸੇ ਸ਼ਰਾਰਤੀ ਅਨਸਰ ਨੇ ਗੁਰਦੁਆਰਾ ਸਾਹਿਬ ਦੇ ਸੱਚਖੰਡ ਅੰਦਰ ਦਾਖਿਲ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਾਵਨ ਸਰੂਪਾਂ ਨੂੰ ਸੁੱਖ ਆਸਣ ਤੋਂ ਹੇਠਾਂ ਰੱਖ ਦਿੱਤਾ ਗਿਆ। ਘਟਨਾ ਦਾ ਪਤਾ ਲੱਗਣ ’ਤੇ ਪ੍ਰਬੰਧਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਐੱਸਪੀਡੀ ਬਰਨਾਲਾ ਸੁਖਦੇਵ ਸਿੰਘ ਵਿਰਕ, ਡੀਐੈੈੱਸਪੀ ਤਪਾ, ਸੀਆਈ ਇੰਚਾਰਜ ਹੰਢਿਆਇਆ ਬਲਜੀਤ ਸਿੰਘ ਅਤੇ ਥਾਣਾ ਤਪਾ ਦੇ ਮੁੱਖ ਅਫਸਰ ਜਗਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਤਾਂ ਫੁਟੇਜ ’ਚ ਇਕ ਵਿਅਕਤੀ ਨਜ਼ਰ ਆਇਆ ਜਿਸ ਦੀ ਸ਼ਨਾਖ਼ਤ ਨਹੀਂ ਹੋ ਸਕੀ।