ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਅਕਤੂਬਰ
ਮੁੱਖ ਅੰਸ਼
- ਮੌਕੇ ’ਤੇ ਮੌਜੂਦ ਸਿੱਖ ਭਾਈਚਾਰੇ ਦੇ ਵਿਰੋਧ ਮਗਰੋਂ ਬੰਦ ਕੀਤਾ ਗਿਆ ਫ਼ਿਲਮਾਂਕਣ
- ਦੇਸ਼-ਵਿਦੇਸ਼ ਵਸਦੇ ਸਿੱਖਾਂ ਵੱਲੋਂ ਘਟਨਾ ਦਾ ਵਿਰੋਧ
ਪਾਕਿਸਤਾਨ ਦੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ’ਚ ਫ਼ਿਲਮ ਦੀ ਸ਼ੂਟਿੰਗ ਲਈ ਆਈ ਟੀਮ ਵੱਲੋਂ ਜੁੱਤੀਆਂ ਪਾ ਕੇ ਗੁਰਦੁਆਰਾ ਕੰਪਲੈਕਸ ਵਿਚ ਦਾਖ਼ਲ ਹੋਣ ਤੇ ਗੁਰੂ ਘਰ ਦੀ ਮਰਿਆਦਾ ਭੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਹ ਮਾਮਲਾ 29 ਸਤੰਬਰ ਦਾ ਹੈ ਪਰ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਚਰਚਾ ਵਿਚ ਆਇਆ ਹੈ। ਇਸ ਵੀਡੀਓ ਵਿੱਚ ਸ਼ੂਟਿੰਗ ਟੀਮ ਦਾ ਕੈਮਰਾਮੈਨ ਅਤੇ ਹੋਰ ਅਮਲਾ ਜੁੱਤੀਆਂ ਸਮੇਤ ਗੁਰਦੁਆਰੇ ਦੇ ਅੰਦਰ ਘੁੰਮਦੇ ਨਜ਼ਰ ਆ ਰਹੇ ਹਨ। ਇਸ ਦਾ ਉੱਥੋਂ ਦੇ ਸਿੱਖ ਭਾਈਚਾਰੇ ਨੇ ਸਖ਼ਤ ਵਿਰੋਧ ਕੀਤਾ ਹੈ। ਵਿਰੋਧ ਕਾਰਨ ਸ਼ੂਟਿੰਗ ਕਰ ਰਹੀ ਟੀਮ ਨੂੰ ਬਾਹਰ ਜਾਣਾ ਪਿਆ ਅਤੇ ਸ਼ੂਟ ਕੀਤੇ ਗਏ ਸੀਨ ਹਟਾਉਣੇ ਪਏ। ਸ਼ੂਟਿੰਗ ਕਰਨ ਵਾਲਾ ਅਮਲਾ ਸਿੱਖ ਭਾਈਚਾਰੇ ਨਾਲ ਬਹਿਸ ਕਰਦਾ ਵੀ ਦਿਖਾਈ ਵੀ ਦੇ ਰਿਹਾ ਹੈ। ਉਹ ਕਹਿ ਰਹੇ ਹਨ, ‘ਅਸੀਂ ਤੁਹਾਡੇ ਮਹਿਮਾਨ ਹਾਂ ਅਤੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰ ਰਹੇ ਹੋ?’ ਸਿੱਖਾਂ ਵੱਲੋਂ ਕੀਤੇ ਗਏ ਇਤਰਾਜ਼ ਤੋਂ ਬਾਅਦ ਉਨ੍ਹਾਂ ਆਪਣੀ ਫਿਲਮ ਦੀ ਸ਼ੂਟਿੰਗ ਬੰਦ ਕਰ ਦਿੱਤੀ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਦੇਸ਼-ਵਿਦੇਸ਼ ਵਿੱਚੋਂ ਸਿੱਖ ਭਾਈਚਾਰੇ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਵੇਰਵਿਆਂ ਮੁਤਾਬਕ ਗੁਰਦੁਆਰੇ ਦੇ ਅੰਦਰ ਫ਼ਿਲਮ ‘ਲਾਹੌਰ ਲਾਹੌਰ ਹੈ’ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ। ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਵੀ ਇਤਿਹਾਸਕ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਹਦੂਦ ਅੰਦਰ ਵਾਪਰੀ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਘੱਟਗਿਣਤੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਤੋਂ ਅਣਜਾਣ ਕਲਾਕਾਰਾਂ ਵੱਲੋਂ ਕੀਤੀ ਹਰਕਤ ਸਿੱਖ ਫ਼ਲਸਫ਼ੇ ਤੇ ਮਰਿਆਦਾ ਦਾ ਘਾਣ ਹਨ। ਉਨ੍ਹਾਂ ਕਿਹਾ ਕਿ ਫ਼ਿਲਮ ਟੀਮ ਵੱਲੋਂ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਦਾ ਧਿਆਨ ਨਹੀਂ ਰੱਖਿਆ ਗਿਆ। ਖਿਆਲਾ ਨੇ ਕਿਹਾ ਕਿ ਸ਼ੂਟਿੰਗ ਦੌਰਾਨ ਦਰਜਨ ਤੋਂ ਵੱਧ ਮੁਸਲਿਮ ਕਲਾਕਾਰਾਂ ਨੂੰ ਗੁਰਦੁਆਰੇ ਦੇ ਅੰਦਰ ਗਲਤ ਢੰਗ ਨਾਲ ਦਸਤਾਰ ਬੰਨ੍ਹਦੇ ਦਿਖਾਇਆ ਗਿਆ ਹੈ।
ਪਾਕਿਸਤਾਨ ਸਰਕਾਰ ’ਤੇ ਕਾਰਵਾਈ ਲਈ ਦਬਾਅ ਬਣਾਏ ਵਿਦੇਸ਼ ਮੰਤਰਾਲਾ: ਸਿਰਸਾ
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਿਸੇ ਵੀ ਫ਼ਿਲਮ ਟੀਮ ਨੂੰ ਗੁਰਦੁਆਰੇ ਦੇ ਕੈਂਪਸ ਵਿੱਚ ਫਿਲਮ ਦੀ ਸ਼ੂਟਿੰਗ ਕਰਨ ਦੀ ਆਗਿਆ ਦੇਣਾ ਜਾਇਜ਼ ਨਹੀਂ ਹੈ। ਇਸ ਤੋਂ ਪਹਿਲਾਂ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਅਜਿਹੀ ਕੁਤਾਹੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਪਾਕਿਸਤਾਨ ਸਰਕਾਰ ਨਾਲ ਗੱਲ ਕਰਨ ਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਲਈ ਕਹਿਣ।