ਪੱਤਰ ਪ੍ਰੇਰਕ
ਬਸੀ ਪਠਾਣਾਂ, 15 ਸਤੰਬਰ
ਇੱਥੋਂ ਦੇ ਕਮਿਊਨਿਟੀ ਸਿਹਤ ਕੇਂਦਰ ਵਿੱਚ ਅੱਜ ਕੋਈ ਡਾਕਟਰ ਨਾ ਹੋਣ ਕਰਕੇ ਮਜ਼ਦੂਰ ਦੀ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਸੀ ਪਠਾਣਾਂ ਦੇ ਸਰਕਾਰੀ ਸਿਹਤ ਕੇਂਦਰ ’ਚ 55 ਸਾਲਾ ਮ੍ਰਿਤਕ ਜਸਪਾਲ ਸਿੰਘ ਦੇ ਪੁੱਤਰਾਂ ਗੁਰਦੀਪ ਤੇ ਹਰਦੀਪ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜਸਪਾਲ ਸਿੰਘ ਦੀ ਤਬੀਅਤ ਖਰਾਬ ਹੋਣ ’ਤੇ ਉਹ ਉਸ ਨੂੰ ਬਸੀ ਪਠਾਣਾਂ ਦੇ ਕਮਿਊਨਿਟੀ ਸਿਹਤ ਕੇਂਦਰ ਵਿੱਚ ਇਲਾਜ ਲਈ ਲੈ ਕੇ ਆਏ। ਇਸ ਦੌਰਾਨ ਹਸਪਤਾਲ ਵਿੱਚ ਕੋਈ ਡਾਕਟਰ ਨਾ ਹੋਣ ਕਰਕੇ ਉਨ੍ਹਾਂ ਦੀ ਹਸਪਤਾਲ ਵਿੱਚ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਐਮਰਜੈਂਸੀ ਡਿਊਟੀ ਵਾਲੇ ਡਾਕਟਰ ਨੇ ਆਉਣ ਵਾਲੇ ਡਾਕਟਰ ਦਾ ਇੰਤਜ਼ਾਰ ਨਾ ਕੀਤਾ। ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ’ਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਸਹਾਇਕ ਸਿਵਲ ਸਰਜਨ ਡਾ. ਸਵਪਨਜੀਤ ਕੌਰ ਨੇ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਦੀ ਗੱਲ ਮੰਨੀ।