ਜਗਮੋਹਨ ਸਿੰਘ
ਘਨੌਲੀ, 18 ਅਪਰੈਲ
ਪਿੰਡ ਅਹਿਮਦਪੁਰ ਦੇ ਫਲਾਈਓਵਰ ਨੇੜੇ ਇੱਕ ਕਾਰ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨਾਲ ਟਕਰਾ ਕੇ ਭਾਖੜਾ ਨਹਿਰ ਵਿੱਚ ਡਿੱਗ ਗਈ, ਜਿਸ ਵਿੱਚ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਬੱਚੀਆਂ ਪਾਣੀ ਦੇ ਵਹਾਅ ਵਿੱਚ ਰੁੜ ਗਈਆਂ। ਇਹ ਘਟਨਾ ਅੱਜ ਸਵੇਰੇ ਲਗਭਗ 10.30 ਵਜੇ ਦੀ ਹੈ। ਨਹਿਰ ਵਿੱਚੋਂ ਡਾ. ਸਤੀਸ਼ ਪੂਨੀਆ (42), ਉਸ ਦੀ ਪਤਨੀ ਸਰਿਤਾ ਪੂਨੀਆ (40), ਪੁੱਤਰ ਰਾਜਾ ਪੂਨੀਆ (15), ਡਾ. ਸਤੀਸ਼ ਦੇ ਰਿਸ਼ਤੇਦਾਰ ਰਾਜੇਸ਼ ਅਤੇ ਰਾਜੇਸ਼ ਦੀ ਪਤਨੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਸਾਰੇ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਨਾਲ ਸਬੰਧਿਤ ਸਨ। ਡਾ. ਸਤੀਸ਼ ਪੂਨੀਆ ਸੀਕਰੀ ਜ਼ਿਲ੍ਹੇ ਦੇ ਕਸਬੇ ਰਿੰਗਸ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਡਾਕਟਰ ਸਨ। ਇਹ ਸਾਰੇ ਹਿਮਾਚਲ ਪ੍ਰਦੇਸ਼ ਵਿੱਚ ਧਾਰਮਿਕ ਸਥਾਨਾਂ ਵਿਖੇ ਮੱਥਾ ਟੇਕਣ ਮਗਰੋਂ ਆਪਣੇ ਘਰ ਪਰਤ ਰਹੇ ਸਨ। ਇਸ ਦੌਰਾਨ ਪਿੰਡ ਅਹਿਮਦਪੁਰ ਨੇੜੇ ਸ੍ਰੀ ਅਨੰਦਪੁਰ ਸਾਹਿਬ ਤੋਂ ਰੂਪਨਗਰ ਜਾ ਰਹੀ ਹਿੰਦ ਮੋਟਰਜ਼ ਦੀ ਬੱਸ (ਨੰਬਰ ਪੀਬੀ19ਐਮ-2255) ਦੀ ਟੱਕਰ ਕਾਰਨ ਉਨ੍ਹਾਂ ਦੀ ਕਰੇਟਾ ਕਾਰ (ਨੰਬਰ ਆਰਜੇ23ਸੀਡੀ-3877) ਪੁਲ ਦੀ ਰੇਲਿੰਗ ਤੋੜਦੀ ਹੋਈ ਭਾਖੜਾ ਨਹਿਰ ਵਿੱਚ ਜਾ ਡਿਗੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ (ਆਰ) ਰਾਜਵਿੰਦਰ ਸਿੰਘ ਅਤੇ ਐੱਸਐੱਚਓ ਥਾਣਾ ਸਦਰ ਰੂਪਨਗਰ ਵਿਜੈ ਕੁਮਾਰ ਘਟਨਾ ਸਥਾਨ ’ਤੇ ਪੁੱਜ ਗਏ। ਲਗਪਗ ਦੋ ਘੰਟੇ ਦੀ ਜੱਦੋਜਹਿਦ ਮਗਰੋਂ ਪੁਲੀਸ ਨੇ ਗੋਤਾਖੋਰਾਂ ਅਤੇ ਹੈਡਰ ਮਸ਼ੀਨ ਦੀ ਮਦਦ ਨਾਲ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ।
ਕਾਰ ਵਿੱਚੋਂ ਪੰਜ ਲਾਸ਼ਾਂ ਬਰਾਮਦ ਹੋਈਆਂ ਹਨ, ਜਦੋਂਕਿ ਡਾ. ਰਾਜੇਸ਼ ਤੇ ਉਸ ਦੇ ਰਿਸ਼ਤੇਦਾਰ ਦੀਆਂ ਕੁੜੀਆਂ ਪਾਣੀ ਦੇ ਵਹਾਅ ਵਿੱਚ ਵਹਿ ਗਈਆਂ ਹਨ। ਪੁਲੀਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਰੂਪਨਗਰ ਦੇ ਮੁਰਦਾਘਰ ਵਿੱਚ ਰਖਵਾਈਆਂ ਗਈਆਂ ਹਨ।
ਮੋਟਰਸਾਈਕਲ ਨਹਿਰ ’ਚ ਡਿੱਗਿਆ, ਪਤਨੀ ਦੀ ਮੌਤ, ਪਤੀ ਲਾਪਤਾ
ਪਾਤੜਾਂ ( ਗੁਰਨਾਮ ਸਿੰਘ ਚੌਹਾਨ): ਪਿੰਡ ਡਰੋਲੀ ਨਜ਼ਦੀਕ ਪੈਂਦੇ ਪੁਲ ਤੋਂ ਮੋਟਰਸਾਈਕਲ ’ਤੇ ਜਾ ਰਹੇ ਪਰਿਵਾਰ ਦੇ ਤਿੰਨ ਮੈਂਬਰ ਭਾਖੜਾ ਨਹਿਰ ਵਿੱਚ ਡਿੱਗ ਗਏ। ਹਾਦਸੇ ਦੌਰਾਨ ਔਰਤ ਦੀ ਮੌਤ ਹੋ ਗਈ, ਜਦੋਂਕਿ ਉਸ ਦਾ ਪਤੀ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਿਆ। ਆਸਪਾਸ ਦੇ ਲੋਕਾਂ ਨੇ ਉਨ੍ਹਾਂ ਦੇ ਲੜਕੇ ਨੂੰ ਨਹਿਰ ਵਿੱਚੋਂ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਰਾਮਥਲੀ ਸਮਾਧਾਂ ਵਸਨੀਕ ਅਵਤਾਰ ਸਿੰਘ ਆਪਣੀ ਪਤਨੀ ਅਤੇ ਲੜਕੇ ਨਾਲ ਘਰ ਪਰਤ ਰਿਹਾ ਸੀ। ਪਿੰਡ ਡਰੋਲੀ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਿਆ। ਇਸ ਵਿੱਚ ਅਵਤਾਰ ਸਿੰਘ (35 ਸਾਲ), ਉਸ ਦੀ ਪਤਨੀ ਕੁਲਦੀਪ ਕੌਰ (32) ਅਤੇ ਪੁੱਤਰ ਹੁਸਨਦੀਪ ਸਿੰਘ (15) ਪਾਣੀ ਵਿੱਚ ਵਹਿ ਗਏ। ਹਾਦਸੇ ਦਾ ਪਤਾ ਚੱਲਦਿਆਂ ਹੀ ਰਾਹਗੀਰਾਂ ਨੇ ਕੁਲਦੀਪ ਕੌਰ ਅਤੇ ਹੁਸਨਦੀਪ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਤੁਰੰਤ ਪਾਤੜਾਂ ਦੇ ਸ੍ਰੀ ਦੁਰਗਾ ਚੈਰੀਟੇਬਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕੁਲਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ।
ਪੋਟਾਸ਼ ਫਟਣ ਕਾਰਨ ਬੱਚੇ ਦੀ ਮੌਤ, ਦੋ ਜ਼ਖ਼ਮੀ
ਅਜਨਾਲਾ (ਸੁਖਦੇਵ ਸਿੰਘ ਸੁੱਖ): ਪਿੰਡ ਕੋਟਲਾ ਕਾਜੀਆਂ ਵਿਖੇ ਚੱਲ ਰਹੇ ਵਾਲੀਬਾਲ ਟੂਰਨਾਮੈਂਟ ਮੌਕੇ ਪਟਾਕੇ ਬਣਾਉਣ ਲਈ ਰਗੜੀ ਜਾ ਰਹੀ ਪੋਟਾਸ਼ ਦੇ ਫਟਣ ਕਾਰਨ ਤਿੰਨ ਬੱਚੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਅੱਜ ਸਵੇਰੇ ਇੱਕ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਟੂਰਨਾਮੈਂਟ ਵਿੱਚ ਪਿੰਡ ਕੋਟਲਾ ਕਾਜੀਆਂ ਦੀ ਟੀਮ ਦੇ ਜੇਤੂ ਰਹਿਣ ਦਾ ਜਸ਼ਨ ਮਨਾਉਣ ਮੌਕੇ ਪਿੰਡ ਦੇ ਸੁਖਜੀਤ ਸਿੰਘ (12), ਤਰਨਪ੍ਰੀਤ ਸਿੰਘ ਅਤੇ ਮੋਹਿਤ ਸਿੰਘ ਪੋਟਾਸ਼ ਰਗੜ ਰਹੇ ਸਨ। ਇਸ ਦੌਰਾਨ ਜ਼ਬਰਦਸਤ ਧਮਾਕਾ ਹੋਇਆ, ਜਿਸ ਵਿੱਚ ਤਿੰਨੇ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਸ ਵਿੱਚੋਂ ਅੱਜ ਸਵੇਰੇ ਸੁਖਜੀਤ ਸਿੰਘ ਦੀ ਮੌਤ ਹੋ ਗਈ। ਸੂਬਾ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਮੋਹਿਤ ਪੁੱਤਰ ਬਲਕਾਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਮੋਹਿਤ ਨੇ ਹੀ ਆਪਣੇ ਘਰ ਬੁਲਾ ਕੇ ਸੁਖਜੀਤ ਤੇ ਤਰਨਪ੍ਰੀਤ ਤੋਂ ਪੋਟਾਸ਼ ਰਗੜਾਇਆ ਸੀ।
ਬੱਸ ਦੀ ਲਪੇਟ ’ਚ ਆਈਆਂ ਵਿਦਿਆਰਥਣਾਂ, ਇੱਕ ਹਲਾਕ, ਤਿੰਨ ਜ਼ਖ਼ਮੀ
ਸੁਨਾਮ ਊਧਮ ਸਿੰਘ ਵਾਲਾ/ਦਿੜ੍ਹਬਾ ਮੰਡੀ (ਬੀਰ ਇੰਦਰ ਸਿੰਘ ਬਨਭੌਰੀ/ਰਣਜੀਤ ਸਿੰਘ ਸ਼ੀਤਲ): ਪਾਤੜਾਂ-ਦਿੜ੍ਹਬਾ ਵਾਲੇ ਪਾਸਿਓਂ ਆ ਰਹੀ ਪੀਆਰਟੀਸੀ ਦੀ ਬੱਸ ਨੇ ਦਿੱਲੀ-ਲੁਧਿਆਣਾ ਕੌਮੀ ਮਾਰਗ ਪਾਰ ਕਰਦੀਆਂ ਵਿਦਿਆਰਥਣਾਂ ਨੂੰ ਲਪੇਟ ’ਚ ਲੈ ਲਿਆ ਜਿਸ ਕਾਰਨ ਇੱਕ ਵਿਦਿਆਰਥਣ ਦੀ ਮੌਤ ਹੋ ਗਈ, ਜਦੋਂਕਿ ਤਿੰਨ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਸੰਗਰੂਰ ਵਿੱਚ ਦਾਖ਼ਲ ਕਰਾਇਆ ਗਿਆ ਹੈ। ਇਹ ਹਾਦਸਾ ਸੁਨਾਮ ਨੇੜਲੇ ਪਿੰਡ ਮਹਿਲਾਂ ਵਿਖੇ ਵਾਪਰਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਜ਼ਖਮੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇ। ਇਹ ਹਾਦਸਾ ਦੁਪਹਿਰੇ ਉਸ ਸਮੇਂ ਵਾਪਰਿਆ ਜਦੋਂ ਵਿਦਿਆਰਥਣਾਂ ਸਕੂਲ ਵਿੱਚ ਛੁੱਟੀ ਹੋਣ ਮਗਰੋਂ ਘਰਾਂ ਨੂੰ ਪਰਤ ਰਹੀਆਂ ਸਨ। ਹਾਦਸੇ ਦੌਰਾਨ ਅੱਠਵੀਂ ਦੀ ਵਿਦਿਆਰਥਣ ਅਮਨਦੀਪ ਕੌਰ ਦੀ ਮੌਤ ਹੋ ਗਈ। ਜ਼ਖ਼ਮੀਆਂ ਦੀ ਪਛਾਣ ਬਲਜਿੰਦਰ ਕੌਰ, ਦਮਨਪ੍ਰੀਤ ਕੌਰ ਤੇ ਗੁਰਵੀਰ ਕੌਰ ਵਜੋਂ ਹੋਈ ਹੈ, ਜੋ ਤੀਸਰੀ ਜਮਾਤ ਵਿੱਚ ਪੜ੍ਹਦੀਆਂ ਹਨ। ਦਮਨਪ੍ਰੀਤ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਰੈਫਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਸਕੂਲ ਵਿੱਚੋਂ ਛੁੱਟੀ ਹੋਣ ਉਪਰੰਤ ਵਿਦਿਆਰਥਣਾਂ ਘਰਾਂ ਨੂੰ ਪਰਤਦਿਆਂ ਸੜਕ ਪਾਰ ਕਰਨ ਮੌਕੇ ਸੜਕ ਵਿਚਕਾਰ ਸਣੇ ਡਿਵਾਈਡਰ ਨਾਲ ਖੜ੍ਹੀਆਂ ਹੋ ਗਈਆਂ ਅਤੇ ਪਾਤੜਾਂ ਵਾਲੇ ਪਾਸਿਓਂ ਆ ਰਹੀ ਪੀਆਰਟੀਸੀ ਦੀ ਬੱਸ ਦੀ ਚਪੇਟ ਵਿੱਚ ਆ ਗਈਆਂ। ਪੁਲੀਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਧਰ, ਐਂਟੀ ਕੁਰੱਪਸ਼ਨ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਬਾਬਾ ਮੱਘਰ ਦਾਸ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਲੜਕੀ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਦਿੱਤਾ ਜਾਵੇ ਤੇ ਜ਼ਖ਼ਮੀ ਲੜਕੀਆਂ ਦਾ ਇਲਾਜ ਮੁਫ਼ਤ ਕਰਵਾਇਆ ਜਾਵੇ।
ਵਿਧਾਇਕ ਭਰਾਜ ਨੇ ਜ਼ਖਮੀ ਵਿਦਿਆਰਥਣਾਂ ਦਾ ਹਾਲ ਪੁੱਛਿਆ
ਸੰਗਰੂਰ (ਗੁਰਦੀਪ ਸਿੰਘ ਲਾਲੀ): ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵਲੋਂ ਸਥਾਨਕ ਸਿਵਲ ਹਸਪਤਾਲ ਪੁੱਜ ਕੇ ਮਹਿਲਾਂ ਚੌਕ ਨੇੜੇ ਵਾਪਰੇ ਸੜਕ ਹਾਦਸੇ ’ਚ ਜ਼ਖ਼ਮੀ ਹੋਈਆਂ ਸਕੂਲੀ ਵਿਦਿਆਰਥਣਾਂ ਦਾ ਹਾਲ-ਚਾਲ ਜਾਣਿਆਂ ਅਤੇ ਉਹਨ੍ਹਾਂ ਦੇ ਮਾਪਿਆਂ ਨੂੰ ਵੀ ਮਿਲੇ। ਵਿਧਾਇਕ ਭਰਾਜ ਨੇ ਸਿਵਲ ਹਸਪਤਾਲ ’ਚ ਜ਼ਖ਼ਮੀ ਬੱਚੀਆਂ ਦੇ ਹੋ ਰਹੇ ਇਲਾਜ ਅਤੇ ਸਾਂਭ ਸੰਭਾਲ ਦਾ ਜਾਇਜ਼ਾ ਲਿਆ। ਵਿਧਾਇਕ ਭਰਾਜ ਨੇ ਵਿਦਿਆਰਥਣ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।