ਚੇਤਨਪੁਰਾ: ਹਲਕਾ ਅਜਨਾਲਾ ਦੇ ਪਿੰਡ ਤੇੜਾ ਕਲਾਂ ਵਿੱਚ ਲਾਪਤਾ ਨੌਜਵਾਨ ਦੀ ਲਾਸ਼ ਸ਼ਮਸ਼ਾਨਘਾਟ ’ਚੋਂ ਮਿਲੀ ਹੈ। ਮ੍ਰਿਤਕ ਨੌਜਵਾਨ ਦੇ ਤਾਏ ਸ਼ੁਬੇਗ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਹਰਵਿੰਦਰ ਸਿੰਘ ਹਿੰਦੂ (32) ਪੁੱਤਰ ਜਗਤਾਰ ਸਿੰਘ ਨਸ਼ੇ ਕਰਨ ਦਾ ਆਦੀ ਸੀ ਤੇ ਬੀਤੇ ਵੀਰਵਾਰ ਤੋਂ ਘਰੋਂ ਗਾਇਬ ਸੀ ਤੇ ਉਸ ਦੀ ਗੁੰਮਸ਼ੁਦਗੀ ਸਬੰਧੀ ਥਾਣਾ ਝੰਡੇਰ ਵਿੱਚ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਦੇ ਬਾਹਰਵਾਰ ਸ਼ਮਸ਼ਾਨਘਾਟ ਵਿੱਚੋਂ ਉਸ ਦੀ ਲਾਸ਼ ਵੇਖ ਕੇ ਘਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦੱਸਿਆ ਲਾਸ਼ ’ਚ ਕੀੜੇ ਚੱਲੇ ਹੋਏ ਸਨ ਤੇ ਨਸ਼ੇ ਵਾਲੀ ਸਰਿੰਜ ਵੀ ਉਸਦੀ ਬਾਂਹ ਵਿੱਚ ਲੱਗੀ ਹੋਈ ਸੀ। ਪੁਲੀਸ ਨੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। -ਪੱਤਰ ਪ੍ਰੇਰਕ