ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਮਈ
ਸ਼੍ਰੋਮਣੀ ਅਕਾਲੀ ਦਲ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਰਕਾਰੀ ਪੀਏ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਹੋਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸ੍ਰੀ ਰੰਧਾਵਾ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਮੰਤਰੀ ਰੰਧਾਵਾ ਦੇ ਦਫ਼ਤਰ ਵਿੱਚ ਚੱਲ ਰਹੀਆਂ ਕਥਿਤ ਭ੍ਰਿਸ਼ਟ ਗਤੀਵਿਧੀਆਂ ਤੋਂ ਉਨ੍ਹਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ।
ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਨਿੱਜੀ ਸਹਾਇਕ ਵੱਲੋਂ 74 ਲੱਖ ਰੁਪਏ ਦੀ ਖੰਡ ਦੀ ਡਲਿਵਰੀ ਦੇ ਮਾਮਲੇ ਵਿੱਚ ਕੀਤੀ ਧੋਖਾਧੜੀ ਵਿੱਚ ਮੰਤਰੀ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ 57 ਲੱਖ ਰੁਪਏ ਦੀ ਅਦਾਇਗੀ ਹੋਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਹਾਈ ਕੋਰਟ ਵਿੱਚ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੂਬੇ ਨੂੰ ਮਾਮਲੇ ਦੀ ਪੜਤਾਲ ਲਈ ‘ਸਿਟ’ ਕਾਇਮ ਕਰਨ ਦੇ ਹੁਕਮ ਦਿੱਤੇ ਹਨ।
ਡਾ. ਚੀਮਾ ਨੇ ਕਿਹਾ ਕਿ ਧੋਖਾਧੜੀ ਦਾ ਇਹ ਮਾਮਲਾ ਸਾਹਮਣੇ ਆਏ ਨੂੰ ਕਈ ਦਿਨ ਲੰਘ ਗਏ ਹਨ ਤੇ ਇਹ ਵੀ ਸਾਹਮਣੇ ਆਇਆ ਹੈ ਕਿ ਮੰਤਰੀ ਦਾ ਪੀਏ ਅਜਿਹੇ ਸੌਦੇ ਕਰਨ ਵਾਸਤੇ ਮੰਤਰੀ ਦੇ ਦਫ਼ਤਰ ਦੀ ਵਰਤੋਂ ਕਰਦਾ ਸੀ। ਇਸ ਸਭ ਦੇ ਬਾਵਜੂਦ ਸਰਕਾਰ ਕੇਸ ਵਿੱਚ ਸੁਸਤ ਰਫ਼ਤਾਰ ਨਾਲ ਕਾਰਵਾਈ ਕਰ ਰਹੀ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਅਕਾਲੀ ਆਗੂ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਰੰਧਾਵਾ ਨੇ ਅਕਾਲੀਆਂ ਨੂੰ ਪੜਤਾਲ ਕਰਵਾਉਣ ਲਈ ਵੰਗਾਰਿਆ
ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਅਕਾਲੀਆਂ ਦੇ ਇੱਕ ਦਹਾਕੇ ਦੇ ਕਾਰਜਕਾਲ ਦੌਰਾਨ ਕੀਤੇ ਗੁਨਾਹਾਂ ਦੀ ਸਵੈ-ਇੱਛਾ ਨਾਲ ਪੜਤਾਲ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਚਿੱਤਰ ਸਿੰਘ ਦੀ ਬਤੌਰ ਨਿੱਜੀ ਸਕੱਤਰ ਇਸ ਸਾਲ 3 ਮਾਰਚ ਨੂੰ ਉਨ੍ਹਾਂ ਦੇ ਸਟਾਫ ਵਿੱਚੋਂ ਬਦਲੀ ਹੋ ਗਈ ਸੀ। ਉਨ੍ਹਾਂ ਆਖਿਆ ਕਿ ਇਹ ਸ਼ਰਮਨਾਕ ਗੱਲ ਹੈ ਕਿ ਅਕਾਲੀਆਂ ਨੇ ਇਹ ਜਾਣਦੇ ਹੋਏ ਕਿ ਇਹ ਪੂਰੀ ਤਰ੍ਹਾਂ ਬੇਬੁਨਿਆਦ ਮੁੱਦਾ ਹੈ, ਤੱਥਾਂ ਦੀ ਜਾਂਚ ਕੀਤੇ ਬਿਨਾਂ ਇਸ ਮਾਮਲੇ ਨੂੰ ਬੇਵਜ੍ਹਾ ਹਵਾ ਦਿੰਦਿਆਂ ਆਪਣੀ ਸਿਆਸੀ ਡਰਾਮੇਬਾਜ਼ੀ ਸ਼ੁਰੂ ਕਰ ਦਿੱਤੀ। ਰੰਧਾਵਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਦੋਂ ਉਨ੍ਹਾਂ ਦੇ ਸਾਬਕਾ ਨਿੱਜੀ ਸਕੱਤਰ ਦਾ ਮਾਮਲਾ ਮੀਡੀਆ ਵਿੱਚ ਪੜ੍ਹਿਆ ਤਾਂ ਉਨ੍ਹਾਂ ਖੁਦ ਡਾਇਰੈਕਟਰ, ਬਿਊਰੋ ਆਫ ਇਨਵੈਸਟੀਗੇਸ਼ਨ, ਪੰਜਾਬ ਨੂੰ ਫੋਨ ਕਰ ਕੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਅਤੇ ਉਨ੍ਹਾਂ ਵੱਲੋਂ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ। ਰੰਧਾਵਾ ਨੇ ਕਿਹਾ, ‘ਤਿਨ ਦਹਾਕਿਆਂ ਤੋਂ ਵੱਧ ਸਮੇਂ ਦੇ ਆਪਣੇ ਸਿਆਸੀ ਜੀਵਨ ਵਿੱਚ ਮੈਂ ਪਾਰਦਰਸ਼ੀ, ਜਵਾਬਦੇਹੀ ਅਤੇ ਇਮਾਨਦਾਰੀ ਵਾਲੇ ਜਨਤਕ ਜੀਵਨ ਦਾ ਸਮਰਥਕ ਰਿਹਾ ਹਾਂ ਅਤੇ ਮੈਂ ਇਨ੍ਹਾਂ ਸਿਧਾਂਤਾਂ ਨੂੰ ਕਿਸੇ ਵੀ ਅਹੁਦੇ ਨਾਲੋਂ ਵਧੇਰੇ ਨਹੀਂ ਰੱਖਿਆ। ਇਸ ਲਈ ਮੈਂ ਇਸ ਮਾਮਲੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਕਿਉਂਕਿ ਇਸ ਨਾਲ ਮੇਰਾ ਕੁਝ ਲੈਣਾ ਦੇਣਾ ਨਹੀਂ ਹੈ।’ ਅਕਾਲੀ ਲੀਡਰਸਪਿ ’ਤੇ ਨਿਸ਼ਾਨਾ ਸਾਧਦਿਆਂ ਸਹਿਕਾਰਤਾ ਮੰਤਰੀ ਨੇ ਉਨ੍ਹਾਂ ਨੂੰ 2007-2017 ਦੇ ਦਹਾਕੇ ਲੰਬੇ ਸ਼ਾਸਨ ਵਿਚਲੀਆਂ ਕੁਰੀਤੀਆਂ ਬਾਰੇ ਸਪੱਸ਼ਟਤਾ ਦੇਣ ਲਈ ਵੰਗਾਰਿਆ।