ਚਰਨਜੀਤ ਭੁੱਲਰ
ਚੰਡੀਗੜ੍ਹ, 17 ਅਕਤੂਬਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸਾਬਕਾ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਪਟਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਆਸ਼ੂ ਲਈ ਇਹ ਵੱਡਾ ਝਟਕਾ ਹੈ। ਹਾਈ ਕੋਰਟ ਨੇ ਅੱਜ ਚਾਰ ਠੇਕੇਦਾਰਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਰੱਦ ਕਰ ਦਿੱਤੀ ਹੈ। ਜਸਟਿਸ ਰਾਜ ਮੋਹਨ ਸਿੰਘ ਨੇ 27 ਸਤੰਬਰ ਨੂੰ ਇਸ ਪਟੀਸ਼ਨ ਸਬੰਧੀ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਠੇਕੇਦਾਰ ਸੰਦੀਪ ਭਾਟੀਆ, ਜਗਰੂਪ ਸਿੰਘ, ਸੁਰਿੰਦਰ ਕੁਮਾਰ ਅਤੇ ਅਨਿਲ ਜੈਨ ਦੀ ਅਗਾਊ ਜ਼ਮਾਨਤ ਦੀ ਅਰਜ਼ੀ ਵੀ ਰੱਦ ਕਰ ਦਿੱਤੀ ਹੈ। ਚੇਤੇ ਰਹੇ ਕਿ ਵਿਜੀਲੈਂਸ ਰੇਂਜ ਲੁਧਿਆਣਾ ਵੱਲੋਂ ਖ਼ੁਰਾਕ ਤੇ ਸਪਲਾਈ ਵਿਭਾਗ ਵਿੱਚ ਹੋਏ ਟੈਂਡਰ ਘਪਲੇ ਦੇ ਸਬੰਧ ਵਿੱਚ 16 ਅਗਸਤ 2022 ਨੂੰ ਕੇਸ ਦਰਜ ਕੀਤਾ ਸੀ। ਇਸ ਭ੍ਰਿਸ਼ਟਾਚਾਰ ਕੇਸ ਵਿਚ ਵਿਜੀਲੈਂਸ ਨੇ 22 ਅਗਸਤ ਨੂੰ ਸਾਬਕਾ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਲੁਧਿਆਣਾ ਦੇ ਇੱਕ ਸੈਲੂਨ ਤੋਂ ਗ੍ਰਿਫ਼ਤਾਰ ਕੀਤਾ ਸੀ। ਸਾਬਕਾ ਮੰਤਰੀ ਆਸ਼ੂ ਨੇ ਪਹਿਲਾਂ ਲੁਧਿਆਣਾ ਦੀ ਹੇਠਲੀ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਲਾਈ ਸੀ ਜੋ ਅਦਾਲਤ ਨੇ 9 ਸਤੰਬਰ ਨੂੰ ਰੱਦ ਕਰ ਦਿੱਤੀ ਸੀ। ਉਸ ਮਗਰੋਂ ਆਸ਼ੂ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਇਸ ਪਟੀਸ਼ਨ ਦੇ ਆਧਾਰ ’ਤੇ ਹਾਈ ਕੋਰਟ ਨੇ 21 ਸਤੰਬਰ ਨੂੰ ਰਾਜ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਆਪਣੀ ਪਟੀਸ਼ਨ ਵਿਚ ਸਾਬਕਾ ਮੰਤਰੀ ਨੇ ਇਸ ਕੇਸ ਦਾ ਆਧਾਰ ਸਿਆਸੀ ਬਦਲਾਖੋਰੀ ਦੱਸਿਆ ਸੀ। ਵਿਜੀਲੈਂਸ ਇਸ ਕੇਸ ਵਿੱਚ ਹੁਣ ਤੱਕ ਸਾਬਕਾ ਮੰਤਰੀ ਆਸ਼ੂ ਤੋਂ ਇਲਾਵਾ ਠੇਕੇਦਾਰ ਤੇਲੂ ਰਾਮ ਤੇ ਆੜ੍ਹਤੀ ਕ੍ਰਿਸ਼ਨ ਲਾਲ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਦਕਿ ਸੱਤ ਮੁਲਜ਼ਮ ਸੰਦੀਪ ਭਾਟੀਆ, ਪੰਕਜ ਮੀਨੂੰ ਮਲਹੋਤਰਾ, ਜਗਰੂਪ ਸਿੰਘ, ਇੰਦਰਜੀਤ, ਰਾਕੇਸ਼ ਸਿੰਗਲਾ, ਸੁਰਿੰਦਰ ਕੁਮਾਰ, ਜਗਨਦੀਪ ਅਤੇ ਅਨਿਲ ਜੈਨ ਗ੍ਰਿਫ਼ਤ ਤੋਂ ਬਾਹਰ ਹਨ।