ਗੁਰਬਖਸ਼ਪੁਰੀ
ਤਰਨ ਤਾਰਨ, 17 ਸਤੰਬਰ
ਜ਼ਿਲ੍ਹਾ ਪੁਲੀਸ ਨੇ ਅੱਜ ਲਖਬੀਰ ਸਿੰਘ ਲੰਡਾ ਤੇ ਹਰਵਿੰਦਰ ਸਿੰਘ ਰਿੰਦਾ ਗੈਂਗ ਦੇ ਦੋ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਇਕ ਦੇਸੀ ਪਿਸਤੌਲ ਅਤੇ 50,000 ਰੁਪਏ ਬਰਾਮਦ ਹੋਏ ਹਨ| ਇੱਥੇ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪ੍ਰਭਜੀਤ ਸਿੰਘ ਉਰਫ਼ ਪ੍ਰਭ ਤੇ ਸਿਮਰਨਜੀਤ ਸਿੰਘ ਵਾਸੀਆਨ ਪਿੰਡ ਪੱਖੋਪੁਰ ਵਜੋਂ ਹੋਈ ਹੈ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਹ ਵਿਅਕਤੀ ਲੰਡਾ ਤੇ ਰਿੰਦਾ ਵੱਲੋਂ ਵਿਦੇਸ਼ਾਂ ਤੋਂ ਭੇਜੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਵੱਖ-ਵੱਖ ਥਾਵਾਂ ’ਤੇ ਸਪਲਾਈ ਕਰਨ ਅਤੇ ਲੋਕਾਂ ਕੋਲੋਂ ਮੰਗੀਆਂ ਫਿਰੌਤੀਆਂ ਦੀ ਰਕਮ ਇਕੱਠੀ ਕਰਨ ਦਾ ਕੰਮ ਕਰਦੇ ਸਨ| ਉਨ੍ਹਾਂ ਦੱਸਿਆ ਕਿ ਇਕ ਅਨੁਮਾਨ ਮੁਤਾਬਕ ਮੁਲਜ਼ਮਾਂ ਨੇ 50 ਲੱਖ ਰੁਪਏ ਤੱਕ ਦੀ ਫਿਰੌਤੀ ਇਕੱਤਰ ਕੀਤੀ ਹੈ ਅਤੇ ਉਨ੍ਹਾਂ ਨੇ 40 ਦੇ ਕਰੀਬ ਨਾਜਾਇਜ਼ ਪਿਸਤੌਲ ਆਪਣੇ ਸਾਥੀਆਂ ਨੂੰ ਵੰਡੇ ਹਨ| ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥ ਭਾਰਤ-ਪਾਕਿ ਸਰਹੱਦ ਰਾਹੀਂ ਡਰੋਨਾਂ ਦੀ ਮਦਦ ਨਾਲ ਭਾਰਤ ਵਿੱਚ ਭੇਜੇ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਨੇ ਲੰਡਾ-ਰਿੰਦਾ ਗੈਂਗ ਦੇ ਮੈਂਬਰ ਨਛੱਤਰ ਸਿੰਘ ਤੋਂ ਇਲਾਵਾ ਦੋ ਹੋਰਾਂ ਨੂੰ 7 ਸਤੰਬਰ ਨੂੰ ਭਾਰੀ ਹਥਿਆਰਾਂ ਤੇ ਵਿਸਫੋਟਕ ਸਮੱਗਰੀ ਸਮੇਤ ਗ੍ਰਿਫ਼ਤਾਰ ਕੀਤਾ ਸੀ। ਅੱਜ ਦੋ ਹੋਰਾਂ ਦੀ ਗ੍ਰਿਫ਼ਤਾਰ ਨਾਲ ਹੁਣ ਤੱਕ ਲੰਡਾ ਤੇ ਰਿੰਦਾ ਗੈਂਗ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਅੰਦਰ ਇਨ੍ਹਾਂ ਦੇ 25 ਦੇ ਕਰੀਬ ਮੈਂਬਰ ਸਰਗਰਮ ਹਨ| ਇਸ ਗੈਂਗ ਖਿਲਾਫ਼ ਬਣਦੀਆਂ ਧਾਰਾਵਾਂ ਅਧੀਨ ਇਕ ਕੇਸ ਪਹਿਲਾਂ ਦੀ ਦਰਜ ਕੀਤਾ ਹੋਇਆ ਹੈ|