ਹਰਜੀਤ ਸਿੰਘ ਪਰਮਾਰ
ਬਟਾਲਾ, 5 ਜਨਵਰੀ
ਨਗਰ ਕੌਂਸਲ ਬਟਾਲਾ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਜਤਿੰਦਰ ਕਲਿਆਣ ਨੇ ਇਨਸਾਫ ਦੀ ਮੰਗ ਕਰਦਿਆਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਸਣੇ ਥਾਣਾ ਸਿਟੀ ਬਟਾਲਾ ਦਾ ਘਿਰਾਓ ਕੀਤਾ ਅਤੇ ਥਾਣਾ ਸਿਟੀ ਦੇ ਮੁਖੀ ਮਨੋਜ ਸ਼ਰਮਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਾਮਲਾ ਲੰਘੀ 5 ਦਸੰਬਰ ਨੂੰ ਸਾਬਕਾ ਪ੍ਰਧਾਨ ਦੇ ਲੜਕੇ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਨਾ ਕਰਨ ਦਾ ਹੈ।
ਸਾਬਕਾ ਪ੍ਰਧਾਨ ਜਤਿੰਦਰ ਕਲਿਆਣ ਨੇ ਥਾਣਾ ਮੁਖੀ ’ਤੇ ਕਥਿਤ ਦੋਸ਼ ਲਾਇਆ ਕਿ ਉਹ ਉਨ੍ਹਾਂ ਨੂੰ ਇਨਸਾਫ਼ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਜਾਨਲੇਵਾ ਹਮਲੇ ਹੋ ਰਹੇ ਹਨ ਅਤੇ ਇਸ ਸਬੰਧੀ ਥਾਣਾ ਸਿਟੀ ਵਿੱਚ ਮੁਲਜ਼ਮਾਂ ਖਿਲਾਫ਼ ਕੇਸ ਵੀ ਦਰਜ ਹਨ ਪਰ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਨ੍ਹਾਂ ਦਾ ਪੱਖ ਪੂਰ ਰਹੀ ਹੈ ਅਤੇ ਉਸ ਨੂੰ ਪ੍ਰੇਸ਼ਾਨ ਕਰ ਰਹੀ ਹੈ। ਸਾਬਕਾ ਪ੍ਰਧਾਨ ਨੇ ਦੱਸਿਆ ਕਿ ਲੰਘੀ 3 ਜਨਵਰੀ ਨੂੰ ਵੀ ਕੁਝ ਵਿਅਕਤੀਆਂ ਨੇ ਉਸ ਦੇ ਘਰ ਵਿੱਚ ਦਾਖਲ ਹੋ ਕੇ ਉਸ ਦੇ ਦੋ ਲੜਕਿਆਂ ਨੂੰ ਜ਼ਖ਼ਮੀ ਕਰ ਦਿੱਤਾ ਸੀ ਜੋ ਅਜੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਪੁਲੀਸ ਅਜੇ ਤੱਕ ਉਸ ਦੇ ਲੜਕਿਆਂ ਦੇ ਬਿਆਨ ਲੈਣ ਵੀ ਨਹੀਂ ਗਈ ਹੈ। ਉਨ੍ਹਾਂ ਨੇ ਕਾਰਵਾਈ ਨਾ ਹੋਣ ਸੂਰਤ ਵਿੱਚ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਥਾਣੇ ਦੇ ਬਾਹਰ ਹੰਗਾਮਾ ਹੋਣ ’ਤੇ ਪੁਲੀਸ ਦੇ ਸੀਨੀਅਰ ਅਧਿਕਾਰੀ ਹਰਕਤ ਵਿੱਚ ਆ ਗਏ ਤੇ ਮੁਜ਼ਾਹਰਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ।
ਆਤਮਦਾਹ ਦਾ ਯਤਨ ਕੀਤਾ
ਪੁਲੀਸ ਤੋਂ ਇਨਸਾਫ਼ ਨਾ ਮਿਲਣ ’ਤੇ ਨਿਰਾਸ਼ ਹੋਏ ਭਾਜਪਾ ਆਗੂ ਜਤਿੰਦਰ ਕਲਿਆਣ ਨੇ ਥਾਣੇ ਵਿੱਚ ਹੀ ਪੈਟਰੋਲ ਮੰਗਵਾ ਕੇ ਆਤਮਦਾਹ ਕਰਨ ਦਾ ਯਤਨ ਕੀਤਾ। ਇਸ ਉਪਰੰਤ ਪੁਲੀਸ ਨੂੰ ਭਾਜੜਾਂ ਪੈ ਗਈਆਂ। ਕਾਫੀ ਜੱਦੋ-ਜਹਿਦ ਮਗਰੋਂ ਪੁਲੀਸ ਮੁਲਾਜ਼ਮਾਂ ਨੇ ਜਤਿੰਦਰ ਕਲਿਆਣ ਨੂੰ ਆਤਮਦਾਹ ਕਰਨ ਤੋਂ ਰੋਕਿਆ। ਇਸ ਮੌਕੇ ਡੀਐੱਸਪੀ (ਸਿਟੀ) ਪਰਵਿੰਦਰ ਕੌਰ ਨੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦੇ ਮੁਜ਼ਾਹਰਾਕਾਰੀਆਂ ਨੂੰ ਸ਼ਾਂਤ ਕੀਤਾ।