ਰਵੇਲ ਸਿੰਘ ਭਿੰਡਰ
ਪਟਿਆਲਾ, 20 ਫਰਵਰੀ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕੌਮੀ ਮਾਤ-ਭਾਸ਼ਾ ਦਿਵਸ ਮੌਕੇ ਗਿਆਨੀ ਲਾਲ ਸਿੰਘ ਯਾਦਗਾਰੀ ਲੈਕਚਰ ਲੜੀ ਅਧੀਨ ਵੈਬੀਨਾਰ ਕਰਵਾਇਆ ਗਿਆ। ਇਸ ਦੌਰਾਨ ਸ਼ਾਇਰ ਅਤੇ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਪ੍ਰਧਾਨ ਡਾ. ਸੁਰਜੀਤ ਪਾਤਰ ਨੇ ‘ਪੰਜਾਬੀ ਭਾਸ਼ਾ ਦਾ ਭਵਿੱਖ’ ਵਿਸ਼ੇ ’ਤੇ ਆਨਲਾਈਨ ਵਿਧੀ ਰਾਹੀਂ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਸਾਡੇ ਕੋਲ ਭਾਸ਼ਾ ਦਾ ਗੌਰਵਮਈ ਇਤਿਹਾਸ ਹੈ। ਇਸ ਦੇ ਬਾਵਜੂਦ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਾਸ਼ਾ ਦਾ ਬਚਣਾ ਤਾਂ ਹੀ ਮੁਮਕਿਨ ਹੈ ਜੇ ਨਵੀਂ ਪੀੜ੍ਹੀ ਭਾਵ ਬੱਚੇ ਇਸ ਨਾਲ ਜੁੜੇ ਰਹਿਣਗੇ। ਸੂਬੇ ਦੀਆਂ ਵੱਖ-ਵੱਖ ਜਨਤਕ ਥਾਵਾਂ ’ਤੇ ਪੰਜਾਬੀ ਵਿੱਚ ਸੰਕੇਤਕ ਬੋਰਡ ਲਾਉਣ ਦੀ ਪੈਰਵੀ ਕਰਦਿਆਂ ਉਨ੍ਹਾਂ ਕਿਹਾ ਕਿ ਸਬੰਧਤ ਲਿਪੀ ਇੱਕ ਲਬਿਾਸ ਦੀ ਤਰ੍ਹਾਂ ਹੁੰਦੀ ਹੈ, ਜਿਸ ਨੂੰ ਸਿਰਫ ਉਸ ਭਾਸ਼ਾ ਨੇ ਹੀ ਨਹੀਂ ਬਲਕਿ ਉਸ ਖਿੱਤੇ ਨੇ ਵੀ ਪਹਿਨਣਾ ਹੁੰਦਾ ਹੈ। ਉਨਾਂ ਕਿਹਾ ਕਿ ਪੰਜਾਬ ’ਚੋਂ ਲੰਘਦਿਆਂ ਹਰ ਕਿਸੇ ਨੂੰ ਆਸੇ-ਪਾਸੇ ਲਿਖੇ ਪੰਜਾਬੀ ਸੰਕੇਤਾਂ ਤੋਂ ਜਾਪਣਾ ਚਾਹੀਦਾ ਹੈ ਕਿ ਇਹ ਪੰਜਾਬ ਹੈ। ਇਸ ਦੌਰਾਨ ਡੀਨ ਖੋਜ ਡਾ. ਗੁਰਦੀਪ ਸਿੰਘ ਬੱਤਰਾ, ਗਿਆਨੀ ਲਾਲ ਸਿੰਘ ਦੇ ਪੁੱਤਰ ਡਾ. ਭੁਪਿੰਦਰ ਸਿੰਘ ਅਤੇ ਵਿਭਾਗ ਮੁਖੀ ਡਾ. ਅਮਰਜੀਤ ਕੌਰ ਨੇ ਵੀ ਸੰਬੋਧਨ ਕੀਤਾ।