ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 27 ਜਨਵਰੀ
ਵਿਧਾਨ ਸਭਾ ਚੋਣਾਂ ਸਬੰਧੀ ਸਥਾਨਕ ਖੇਡ ਸਟੇਡੀਅਮ ਵਿਚ ਆਰ ਐੱਮ ਬੀ ਟੈਲੀਵਿਜ਼ਨ ਵੱਲੋਂ ਸਿਆਸੀ ਪਾਰਟੀਆਂ ਦੀ ਬਹਿਸ ਕਰਵਾਈ ਗਈ ਜਿਸ ਵਿੱਚ ਕਾਂਗੜ ਅਤੇ ਮਲੂਕਾ ਸਮਰਥਕ ਆਹਮੋ ਸਾਹਮਣੇ ਹੋ ਗਏ। ਇਸ ਮੌਕੇ ਮਹਿਰਾਜ ਨਿਵਾਸੀ ਖੁਸ਼ਬਾਜ਼ ਸਿੰਘ ਪੁੱਤਰ ਮਹਿੰਦਰ ਸਿੰਘ ਜ਼ਖ਼ਮੀ ਹੋ ਗਿਆ। ਪੁਲੀਸ ਨੇ ਇਸ ਸਬੰਧੀ ਹਰਿੰਦਰ ਸਿੰਘ (ਹਿੰਦਾ), ਮਨਿੰਦਰ ਸਿੰਘ (ਮਿੰਦੀ), ਨਿਰਮਲ ਸਿੰਘ ਤੇ ਤਿੰਨ ਹੋਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਹਾਲੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੇ ਬਲਕਾਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਇਹ ਦੋਵੇਂ ਉਮੀਦਵਾਰ ਮੰਤਰੀ ਰਹਿ ਚੁੱਕੇ ਹਨ। ਇਨ੍ਹਾਂ ਨੂੰ ਵਰਕਰਾਂ ਨੂੰ ਲੜਾਉਣ ਦੀ ਥਾਂ ਆਪ ਮੀਡੀਆ ਸਾਹਮਣੇ ਆ ਕੇ ਆਪਣੇ ਵੱਲੋਂ ਕੀਤੇ ਹੋਏ ਵਿਕਾਸ ਕਾਰਜਾਂ ਬਾਰੇ ਦੱਸਣਾ ਚਾਹੀਦਾ ਹੈ।