ਮਲਕੀਤ ਸਿੰਘ
ਜਲਾਲਾਬਾਦ, 7 ਨਵੰਬਰ
ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਜਲਾਲਾਬਾਦ ਅਤੇ ਨਾਲ ਲਗਦੇ ਕੁਝ ਪਿੰਡਾਂ ਦਾ ਦੌਰਾ ਕੀਤਾ। ਜਲਾਲਾਬਾਦ ਵਿੱਚ ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਕੁਮਾਰ ਵਲੇਚਾ ਦੇ ਗ੍ਰਹਿ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਹਿਲਾਂ ਵੀ ਜਲਾਲਾਬਾਦ ਦੇ ਲੋਕਾਂ ਨੇ ਸੁਖਬੀਰ ਬਾਦਲ ਨੂੰ ਜਿਤਾਇਆ ਸੀ ਤੇ ਉਹ ਡਿਪਟੀ ਸੀਐੱਮ ਬਣੇ ਤੇ ਹੁਣ ਵੀ ਜਲਾਲਾਬਾਦ ਤੋਂ ਹੀ ਜਿੱਤ ਕੇ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਨਰਮੇ ਦੇ ਹੋਏ ਨੁਕਸਾਨ ਸਬੰਧੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਆਵਜ਼ਾ ਰਾਸ਼ੀ ਨਹੀਂ ਦਿੱਤੀ ਗਈ, ਪਰ ਫੋਕੀ ਵਾਹ ਵਾਹ ਖੱਟਣ ਲਈ ਵੱਡੇ-ਵੱਡੇ ਇਸ਼ਤਿਹਾਰ ਲਗਾ ਕੇ ਮੁਆਵਜ਼ਾ ਦੇਣ ਦੇ ਵਾਅਦੇ ਜ਼ਰੂਰ ਕੀਤੇ ਗਏ ਹਨ। ਹਰਸਿਮਰਤ ਬਾਦਲ ਨੇ ਕਿਹਾ ਕਿ ਸਭ ਤੋਂ ਵੱਧ ਬੇਅਦਬੀਆਂ ਕਾਂਗਰਸ ਸਰਕਾਰ ਦੇ ਰਾਜ ਵਿੱਚ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਝੂਠੀਆਂ ਸਹੁੰਆਂ ਖਾਧੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਵੀ ਪੂਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਉੱਥੇ ਲੋਕਾਂ ਨੂੰ ਟਿਕਟਾਂ ਵੇਚ ਕੇ ਪੈਸੇ ਇਕੱਠੇ ਕਰ ਲੈਂਦੇ ਹਨ ਤੇ ਮੁੜ ਦਿੱਲੀ ਤੋਂ ਨਹੀਂ ਪਰਤਦੇ। ਉਨ੍ਹਾਂ ਆਖਿਆ ਕਿ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਆਉਣ ’ਤੇ ਹਰੇਕ ਵਰਗ ਦੇ ਵਾਅਦੇ ਪੂਰੇ ਕੀਤੇ ਜਾਣਗੇ, ਹਰੇਕ ਵਰਗ ਨੂੰ ਮਹੀਨੇ ਦੀ 400 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ, ਦਸ ਲੱਖ ਰੁਪਏ ਦੀ ਮੈਡੀਕਲ ਸਹੂਲਤ ਤੇ ਬੱਚਿਆਂ ਦੀ ਪੜ੍ਹਾਈ ਲਈ ਵਿਆਜ਼ ਮੁਕਤ ਕਰਜ਼ੇ ਦਾ ਇੰਤਜ਼ਾਮ ਕੀਤਾ ਜਾਵੇਗਾ।