ਪੱਤਰ ਪ੍ਰੇਰਕ
ਭੀਖੀ, 4 ਸਤੰਬਰ
ਸਥਾਨਕ ਕਸਬੇ ਦੇ ਇੱਕ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਭੋਲਾ (45) ਪੁੱਤਰ ਬੰਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਆਰਥਿਕ ਤੰਗੀ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਜਾਨ ਦੇ ਦਿੱਤੀ। ਕੁਲ ਹਿੰਦ ਕਿਸਾਨ ਸਭਾ ਦੇ ਆਗੁ ਰੂਪ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਕਿਸਾਨ ਸਵਾ ਏਕੜ ਜ਼ਮੀਨ ’ਤੇ ਖੇਤੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ 2-3 ਸਾਲਾਂ ਤੋਂ ਲਗਾਤਾਰ ਨੁਕਸਾਨੀ ਜਾ ਰਹੀ ਫ਼ਸਲ ਕਾਰਨ ਉਸ ਨੂੰ ਵੱਡਾ ਘਾਟਾ ਝੱਲਣਾ ਪਿਆ ਸੀ। ਕਿਸਾਨ ਆਗੂ ਨੇ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।