ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਜਨਵਰੀ
ਆਜ਼ਾਦ ਹਿੰਦ ਫ਼ੌਜ ਦੇ ਬਾਨੀ ਤੇ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਅੱਜ ਦਿੱਲੀ ਦੇ ਮੋਰਚਿਆਂ ਸਮੇਤ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨਾਂ ਦੇ ਧਰਨਿਆਂ ’ਚ ਮਨਾਇਆ ਗਿਆ। ਸਿੰਘੂ, ਪਲਵਲ, ਗਾਜ਼ੀਪੁਰ ਤੇ ਟਿਕਰੀ ਮੋਰਚੇ ’ਚ ਕਿਸਾਨਾਂ ਨੇ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਆਪਣੀਆਂ ਤਕਰੀਰਾਂ ਵਿੱਚ ਇਸ ਮਹਾਨ ਸੁਤੰਤਰਤਾ ਸੈਨਾਨੀ ਦੀ ਯੁੱਧ ਨੀਤੀ ਤੇ ਦੂਰਅੰਦੇਸ਼ ਸੋਚ ਦਾ ਉਚੇਚਾ ਜ਼ਿਕਰ ਕੀਤਾ। ਸਿੰਘੂ ਬਾਰਡਰ ਦੇ ਧਰਨੇ ਵਿੱਚ ਆਲ ਇੰਡੀਆ ਡੈਮੋਕਰੈਟਿਕ ਸਟੂਡੈਂਟਸ ਆਰਗਨਾਈਜ਼ੇਸ਼ਨ (ਏਆਈਡੀਐੱਸਓ) ਦੇ ਵਿਦਿਆਰਥੀਆਂ ਨੇ ਸੁਭਾਸ਼ ਚੰਦਰ ਬੋਸ ਦੀ ਤਸਵੀਰ ’ਤੇ ਫੁੱਲਾਂ ਦੇ ਹਾਰ ਚੜ੍ਹਾਏ। ਦਿੱਲੀ ਯੂਨੀਵਰਸਿਟੀ ਦੀ ਆਦਰਿਕਾ ਤੇ ਸਾਥੀਆਂ ਨੇ ਵੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨਾਲ ਡੀਯੂ ਦੇ ਹੋਰ ਵਿਦਿਆਰਥੀ ਵੀ ਸ਼ਾਮਲ ਹੋਏ। ਮੋਰਚੇ ਵੱਲੋਂ ਐਲਾਨੇ ਗਏ ਪ੍ਰੋਗਰਾਮ ਤਹਿਤ ਟਿਕਰੀ ਤੇ ਪਲਵਲ ’ਚ ਵੀ ਸੁਭਾਸ਼ ਚੰਦਰ ਬੋਸ ਨੂੰ ਯਾਦ ਕੀਤਾ ਗਿਆ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਸੁਭਾਸ਼ ਚੰਦਰ ਬੋਸ ਵੱਲੋਂ ਬਣਾਈ ਗਈ ਆਜ਼ਾਦ ਹਿੰਦ ਫ਼ੌਜ ਵਿੱਚ ਵੀ ਕਿਸਾਨਾਂ ਦੀ ਅਹਿਮੀਅਤ ਸੀ।