ਚਰਨਜੀਤ ਭੁੱਲਰ
ਚੰਡੀਗੜ੍ਹ, 14 ਸਤੰਬਰ
ਪੰਜਾਬ ਸਰਕਾਰ ਲਈ ਐਤਕੀਂ ਸਾਉਣੀ ਦੀ ਫ਼ਸਲ ਦੀ ਖ਼ਰੀਦ ਪ੍ਰੀਖਿਆ ਬਣੇਗੀ| ਕੈਪਟਨ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਇਹ ਆਖ਼ਰੀ ਖ਼ਰੀਦ ਸੀਜ਼ਨ ਹੈ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਝੋਨੇ ਦੀ ਖ਼ਰੀਦ ’ਚ ਕੋਈ ਵੀ ਵਿਘਨ ਕਿਸਾਨਾਂ ਦੀ ਨਾਰਾਜ਼ਗੀ ਦਾ ਕਾਰਨ ਬਣ ਸਕਦਾ ਹੈ| ਕੇਂਦਰ ਸਰਕਾਰ ਤਰਫ਼ੋਂ ਫ਼ਸਲ ਦੀ ਖ਼ਰੀਦ ਲਈ ਮਾਪਦੰਡ ਸਖ਼ਤ ਕਰ ਦਿੱਤੇ ਗਏ ਹਨ। ਪਹਿਲੀ ਵਾਰ ਫ਼ਸਲ ਦੀ ਖ਼ਰੀਦ ਲਈ ਜਿਣਸਾਂ ਦਾ ਜ਼ਮੀਨੀ ਰਿਕਾਰਡ ਅਪਲੋਡ ਕੀਤਾ ਜਾਵੇਗਾ ਜਿਸ ਲਈ ਪੰਜਾਬ ਮੰਡੀ ਬੋਰਡ ਸਰਗਰਮ ਹੋ ਗਿਆ ਹੈ|
ਪੰਜਾਬ ’ਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਹੋਵੇਗੀ ਜੋ ਸਰਕਾਰ ਲਈ ਪ੍ਰੀਖਿਆ ਤੋਂ ਘੱਟ ਨਹੀਂ ਹੈ| ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਜਿਣਸ ਦੀ ਖ਼ਰੀਦ ਲਈ ਮਾਪਦੰਡ ਸਖ਼ਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਝੋਨਾ ਬਦਰੰਗ ਦੀ ਮਾਤਰਾ 5 ਤੋਂ ਤਿੰਨ ਫ਼ੀਸਦੀ ਅਤੇ ਨਮੀ ਦੀ ਮਾਤਰਾ 17 ਤੋਂ ਘਟਾ ਕੇ 16 ਫ਼ੀਸਦੀ ਕਰਨ ਦਾ ਵਿਚਾਰ ਹੈ| ਝੋਨੇ ਦੀ ਖ਼ਰੀਦ ਲਈ ਪਾਲਿਸੀ ਜਨਤਕ ਹੋਣ ’ਤੇ ਹੀ ਕੇਂਦਰੀ ਮਾਪਦੰਡਾਂ ਦੀ ਪੁਸ਼ਟੀ ਹੋਵੇਗੀ| ਬੀਤੇ ਕੁਝ ਦਿਨਾਂ ਤੋਂ ਮੀਂਹ ਕਰਕੇ ਫ਼ਸਲਾਂ ਦਾ ਨੁਕਸਾਨ ਵੀ ਹੋਇਆ ਹੈ ਅਤੇ ਮੰਡੀਆਂ ਵਿਚ ਮੀਂਹ ਤੋਂ ਪ੍ਰਭਾਵਿਤ ਫ਼ਸਲ ਵੀ ਪੁੱਜਣ ਦੀ ਸੰਭਾਵਨਾ ਹੈ| ਹਾਲਾਂਕਿ ਮਾਪਦੰਡਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਆਪਣੇ ਇਤਰਾਜ਼ ਰੱਖ ਦਿੱਤੇ ਹਨ|
ਵੱਡਾ ਮਸਲਾ ‘ਫ਼ਰਦ’ ਦਾ ਹੈ| ਬਠਿੰਡਾ ਦੀ ਸੰਗਤ ਮੰਡੀ ਦੇ ਆੜ੍ਹਤੀ ਆਸ਼ੂ ਜਿੰਦਲ ਨੇ ਕਿਹਾ ਕਿ ਮੰਡੀ ਬੋਰਡ ਦੇ ਹੁਕਮਾਂ ’ਤੇ ਉਨ੍ਹਾਂ ਜ਼ਮੀਨੀ ਰਿਕਾਰਡ ਅਪਲੋਡ ਕਰਨਾ ਸ਼ੁਰੂ ਕੀਤਾ ਹੈ| ਉਨ੍ਹਾਂ ਦੱਸਿਆ ਕਿ ਸਾਂਝੀ ਹਿੱਸੇਦਾਰੀ ਵਾਲੇ ਕੇਸਾਂ, ਤਕਸੀਮ ਕੇਸਾਂ ਅਤੇ ਕੇਂਦਰ ਵੱਲੋਂ ਕੀਤੀ ਮੈਪਿੰਗ ਮੈਚ ਨਾ ਹੋਣ ਕਰਕੇ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ ਅਤੇ ਕਿਸਾਨਾਂ ਵਿਚ ਕਾਫ਼ੀ ਬੇਚੈਨੀ ਪਾਈ ਜਾ ਰਹੀ ਹੈ| ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਫ਼ਰਦ ਮਾਮਲੇ ’ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ| ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੂੰ ਫ਼ਰਦ ਮਾਮਲੇ ’ਤੇ ਕਿਸਾਨਾਂ ਦਾ ਰੋਹ ਝੱਲਣਾ ਪੈ ਸਕਦਾ ਹੈ|
ਪਤਾ ਲੱਗਾ ਹੈ ਕਿ ਨਵੇਂ ਪ੍ਰਬੰਧਾਂ ਤਹਿਤ ਕੇਂਦਰ ਵੱਲੋਂ ਪ੍ਰਤੀ ਏਕੜ ਪਿੱਛੇ ਓਨੀ ਹੀ ਫ਼ਸਲ ਖ਼ਰੀਦੀ ਜਾਵੇਗੀ ਜਿਨ੍ਹਾਂ ਝਾੜ ਖੇਤੀ ਵਰਸਿਟੀ ਵੱਲੋਂ ਦਿੱਤਾ ਗਿਆ ਹੋਵੇਗਾ| ਮਿਸਾਲ ਵਜੋਂ ਖੇਤੀ ਵਰਸਿਟੀ ਜੋ ਪ੍ਰਤੀ ਏਕੜ ਝਾੜ ਦੱਸੇਗੀ, ਉਸ ਤੋਂ ਜ਼ਿਆਦਾ ਫ਼ਸਲ ਕਿਸਾਨ ਵੇਚ ਨਹੀਂ ਸਕੇਗਾ। ਅਮਲੋਹ ਨੇੜਲੇ ਪਿੰਡ ਹਰੀਪੁਰਾ ਦੇ ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਵਿਚ ਐਤਕੀਂ ਬਹੁਤੇ ਸਾਰੇ ਤੌਖਲੇ ਹਨ ਅਤੇ ਕਿਸਾਨ ਫ਼ਿਕਰਮੰਦ ਵੀ ਹਨ|
ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਚੀਮਾ ਨੇ ਕਿਹਾ ਕਿ ਮਾਲ ਮਹਿਕਮੇ ਦੇ ਰਿਕਾਰਡ ਨੂੰ ਬਿਨਾਂ ਅਪਡੇਟ ਕੀਤੇ ਜ਼ਮੀਨੀ ਰਿਕਾਰਡ ਨੂੰ ਅਪਲੋਡ ਕਰਨ ਵਿਚ ਕਾਫ਼ੀ ਦਿੱਕਤਾਂ ਖੜ੍ਹੀਆਂ ਹੋ ਗਈਆਂ ਹਨ| ਉਨ੍ਹਾਂ ਕਿਹਾ ਕਿ ਕਈ ਕੇਸਾਂ ’ਚ ਜ਼ਮੀਨਾਂ ਦੀ ਮਾਲਕੀ ਕਿਸੇ ਹੋਰ ਦੇ ਨਾਮ ’ਤੇ ਹੈ ਅਤੇ ਕਬਜ਼ਾ ਕਿਸੇ ਹੋਰ ਕੋਲ ਹੈ| ਇਸੇ ਤਰ੍ਹਾਂ ਪਰਵਾਸੀ ਭਾਰਤੀਆਂ ਦੇ ਕੇਸਾਂ ਵਿਚ ਵੀ ਨਵੇਂ ਝੰਜਟ ਪੈਦਾ ਹੋ ਸਕਦੇ ਹਨ| ਚੀਮਾ ਨੇ ਕਿਹਾ ਕਿ ਜਦੋਂ ਪੂਰਾ ਮੁਲਕ ਖੋਲ੍ਹ ਦਿੱਤਾ ਗਿਆ ਹੈ ਤਾਂ ਪੰਜਾਬ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨੀ ਵਿਚ ਕਿਉਂ ਪਾਇਆ ਗਿਆ ਹੈ|
ਬਾਰਦਾਣੇ ਦੇ ਪ੍ਰਬੰਧ ਮੁਕੰਮਲ: ਬਰਾੜ
ਮਾਰਕਫੈੱਡ ਸੰਗਰੂਰ ਦੇ ਜ਼ਿਲ੍ਹਾ ਮੈਨੇਜਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਤਕੀਂ ਬਾਰਦਾਣੇ ਦੇ ਅਗੇਤੇ ਪ੍ਰਬੰਧ ਕੀਤੇ ਗਏ ਹਨ। ਹੁਣ ਤੱਕ ਪਿਛਲੇ ਵਰ੍ਹੇ ਨਾਲੋਂ 10 ਫ਼ੀਸਦੀ ਜ਼ਿਆਦਾ ਬਾਰਦਾਣਾ ਪਹੁੰਚ ਵੀ ਗਿਆ ਹੈ| ਇਸੇ ਤਰ੍ਹਾਂ ਫ਼ਸਲੀ ਭੰਡਾਰ ਲਈ ਸਪੇਸ ਦੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਕੋਵਿਡ ਕਰਕੇ ਚੌਲ ਅਤੇ ਕਣਕ ਦੀ ਪੰਜਾਬ ਚੋਂ ਕਾਫ਼ੀ ਮੂਵਮੈਂਟ ਹੋਈ ਹੈ।