ਦਵਿੰਦਰ ਪਾਲ
ਚੰਡੀਗੜ੍ਹ, 7 ਦਸੰਬਰ
ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਅਤੇ ਨਸ਼ਿਆਂ ਨੂੰ ਨੱਥ ਪਾਉਣ ਲਈ ਗਠਿਤ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਅਮਰੀਕੀ ਸੂਬੇ ਵਰਜੀਨੀਆ ਚਲੇ ਗਏ ਹਨ। ਵਧੀਕ ਡੀਜੀਪੀ ਰੈਂਕ ਦੇ ਅਧਿਕਾਰੀ ਵਿਦੇਸ਼ ਪੜ੍ਹਾਈ ਲਈ ਗਏ ਹਨ। ਉਨ੍ਹਾਂ ਦੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਹਾਲ ਦੀ ਘੜੀ ਐੱਸਟੀਐਫ ਮੁਖੀ ਵਜੋਂ ਕਿਸੇ ਵੀ ਅਫ਼ਸਰ ਦੀ ਤਾਇਨਾਤੀ ਨਹੀਂ ਕੀਤੀ ਗਈ। ਸਿੱਧੂ ਜੂਨ-2021 ਤੱਕ ਅਮਰੀਕਾ ਰਹਿਣਗੇ। ਵਿਦੇਸ਼ ਜਾਣ ਦੀ ਪੁਸ਼ਟੀ ਕਰਦਿਆਂ ਇਸ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਵਿੱਚ ਵੀ ਨਸ਼ਿਆਂ ਦੀ ਅਲਾਮਤ ਵਿਸ਼ੇ ’ਤੇ ਹੀ ਪੜ੍ਹਾਈ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ’ਚ ਆਉਂਦਿਆਂ ਹੀ ਇਸ ਪੁਲੀਸ ਅਧਿਕਾਰੀ ਦੀ ਐੱਸ.ਟੀ.ਐਫ. ਦੇ ਮੁਖੀ ਵਜੋਂ ਤਾਇਨਾਤੀ ਕੀਤੀ ਸੀ। ਇਹ ਵੀ ਜ਼ਿਕਰਯੋਗ ਹੈ ਕਿ ਡੀ.ਜੀ.ਪੀ. ਰੈਂਕ ਦੇ ਪੁਲੀਸ ਅਧਿਕਾਰੀਆਂ ਦਰਮਿਆਨ ਖਿੱਚੋਤਾਣ ਵਧਣ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਵਾਰੀ ਤਾਂ ਇਸ ਪੁਲੀਸ ਅਧਿਕਾਰੀ ਨੂੰ ਐਸ.ਟੀ.ਐਫ. ਦੇ ਮੁਖੀ ਵਜੋਂ ਲਾਹ ਦਿੱਤਾ ਸੀ ਪਰ ਮਗਰੋਂ ਮੁੜ ਇਸ ਅਹੁਦੇ ’ਤੇ ਤਾਇਨਾਤ ਕਰ ਦਿੱਤਾ ਸੀ। ਇਸ ਪੁਲੀਸ ਅਧਿਕਾਰੀ ਨੇ ਆਪਣੇ ਕਾਰਜਕਾਲ ਦੌਰਾਨ ਕਈ ਚਰਚਿਤ ਤੇ ਵਿਵਾਦਤ ਮਾਮਲੇ ਵੀ ਸਾਹਮਣੇ ਲਿਆਂਦੇ।