ਜਗਮੋਹਨ ਸਿੰਘ
ਰੂਪਨਗਰ, 25 ਜੂਨ
ਜ਼ਿਲ੍ਹੇ ਦੇ ਪਿੰਡ ਮਾਜਰੀ ਠੇਕੇਦਾਰਾਂ ਦਾ ਆਮ ਇਜਲਾਸ ਪੰਚਾਇਤ ਦੇ ਗਲੇ ਦੀ ਹੱਡੀ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ 22 ਜੂਨ ਨੂੰ ਗਰਾਮ ਸਭਾ ਦਾ ਇਜਲਾਸ ਸੱਦਿਆ ਗਿਆ ਸੀ, ਜਿਸ ਵਿੱਚ ਸ਼ਾਮਲ ਹੋਏ ਮਗਨਰੇਗਾ ਮਜ਼ਦੂਰਾਂ ਨੇ ਸਰਪੰਚ ਅਤੇ ਹੋਰ ਪੰਚਾਇਤ ਮੈਂਬਰਾਂ ਵਿਰੁੱਧ ਹੀ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ ਤੇ ਰੌਲਾ ਇੰਨਾ ਜ਼ਿਆਦਾ ਵਧ ਗਿਆ ਕਿ ਆਮ ਇਜਲਾਸ ਦੀ ਕਾਰਵਾਈ ਸਿਰੇ ਨਹੀਂ ਚੜ੍ਹ ਸਕੀ। ਤਿੰਨ ਦਿਨਾਂ ਬਾਅਦ ਵੀ ਪਿੰਡ ਦਾ ਮਾਹੌਲ ਸ਼ਾਂਤ ਨਹੀਂ ਹੋਇਆ। ਅੱਜ ਪਿੰਡ ਦੀਆਂ ਔਰਤਾਂ ਕੁਲਵਿੰਦਰ ਕੌਰ, ਸਰਬਜੀਤ ਕੌਰ, ਮਹਿੰਦਰ ਕੌਰ, ਜਸਵਿੰਦਰ ਕੌਰ, ਵਿਦਿਆ ਦੇਵੀ ਤੇ ਕਈ ਹੋਰਨਾਂ ਨੇ ਦੋਸ਼ ਲਾਇਆ ਕਿ ਸਰਪੰਚ ਨੇ ਆਪਣੇ ਮੁੰਡੇ ਦਾ ਮਗਨਰੇਗਾ ਕਾਰਡ ਤਾਂ ਬਣਵਾ ਲਿਆ ਪਰ ਹੋਰਨਾਂ ਦੇ ਕਾਰਡ ਬਣਾਉਣ ਤੋਂ ਟਾਲਾ ਵੱਟ ਲਿਆ। ਕੁਲਵੰਤ ਕੌਰ, ਮਨਦੀਪ ਕੌਰ, ਸੁਰਜੀਤ ਕੌਰ, ਬਲਜਿੰਦਰ ਕੌਰ ਤੇ ਸਵਰਨ ਕੌਰ ਕਿਹਾ ਕਿ ਮਗਨਰੇਗਾ ਕਾਰਡ ਬਣੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪੂਰਾ ਕੰਮ ਨਹੀਂ ਦਿੱਤਾ ਜਾ ਰਿਹਾ ਅਤੇ ਕਈਆਂ ਦੇ ਪੂਰੇ ਪੈਸੇ ਖਾਤਿਆਂ ਵਿੱਚ ਨਹੀਂ ਪਾਏ ਜਾ ਰਹੇ। ਔਰਤਾਂ ਨੇ ਸਰਪੰਚ ਦੇ ਮੁੰਡੇ ਦੇ ਇਹ ਵੀ ਦੋਸ਼ ਲਗਾਇਆ ਕਿ ਉਹ ਨਰੇਗਾ ਵਰਕਾਂ ਨੂੰ ਦਬਕੇ ਮਾਰਦਾ ਰਹਿੰਦਾ ਹੈ।
ਸਰਪੰਚ ਨੇ ਦੋਸ਼ ਨਕਾਰੇ
ਸਰਪੰਚ ਸੁਰਜੀਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਦਾਅਵਾ ਕੀਤਾ ਕਿ ਮਗਨਰੇਗਾ ਨਿਯਮਾਂ ਤਹਿਤ ਕਿਸੇ ਵੀ ਯੋਗ ਲਾਭਪਾਤਰੀ ਨੂੰ ਮਗਨਰੇਗਾ ਦਾ ਜਾਬ ਕਾਰਡ ਬਣਾਉਣ ਲਈ ਉਨ੍ਹਾਂ ਵੱਲੋਂ ਮਨ੍ਹਾਂ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਦੇ ਪੁੱਤਰ ਦਾ ਜਾਬ ਕਾਰਡ ਵੀ ਨਿਯਮਾਂ ਦੇ ਤਹਿਤ ਹੀ ਬਣਿਆ ਹੈ। ਉਨ੍ਹਾਂ ਆਪਣੇ ਮੁੰਡੇ ਦੇ ਦਬਕੇ ਮਾਰਨ ਦੀ ਵਾਇਰਲ ਹੋਈ ਵੀਡੀਓ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਸ ਦੇ ਪੁੱਤਰ ਨੇ ਸਰਕਾਰੀ ਦਿਹਾੜੀ ਦੌਰਾਨ ਵਿਹਲੀਆਂ ਬੈਠੀਆਂ ਮਜ਼ਦੂਰ ਔਰਤਾਂ ਨੂੰ ਕੰਮ ਕਰਨ ਲਈ ਕਿਹਾ ਸੀ ਪਰ ਔਰਤਾਂ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਉਸ ਦੇ ਪੁੱਤਰ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।