ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਅਗਸਤ
ਜ਼ਿਲ੍ਹਾ ਦਿਹਾਤੀ ਪੁਲੀਸ ਨੇ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਦੇ ਦੋਸ਼ ਹੇਠ ਗੈਂਗਸਟਰ ਜੱਗੂ ਭਗਵਾਨਪੁਰੀਆ ਗਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਤਿੰਨ ਸ਼ੂਟਰ ਹਨ। ਪੁਲੀਸ ਨੇ ਮੁਲਜ਼ਮਾਂ ਕੋਲੋਂ ਪੰਜ ਹਥਿਆਰ, ਡੇਢ ਕਿੱਲੋ ਹੈਰੋਇਨ ਤੇ 9 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਹਰਵਿੰਦਰ ਉਰਫ਼ ਕਾਲੂ, ਆਕਾਸ਼, ਸੰਦੀਪ ਉਰਫ਼ ਸੀਪਾ, ਰਾਜਾ, ਬਲਰਾਜ ਤੇ ਦਵਿੰਦਰ ਉਰਫ਼ ਰਾਣਾ ਵਜੋਂ ਹੋਈ ਹੈ। ਇਹ ਸਾਰੇ ਅੰਮ੍ਰਿਤਸਰ ਦੇ ਵਸਨੀਕ ਹਨ। ਦਿਹਾਤੀ ਪੁਲੀਸ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਅੱਜ ਇੱਥੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਉਕਤ ਮੁਲਜ਼ਮ ਤਿੰਨ ਕਤਲ ਅਤੇ ਦੋ ਡਕੈਤੀਆਂ ਕਰਨ ਦੀ ਤਿਆਰੀ ਵਿੱਚ ਸਨ। ਉਨ੍ਹਾਂ ਦੱਸਿਆ ਕਿ ਹਰਵਿੰਦਰ, ਆਕਾਸ਼ ਤੇ ਸੰਦੀਪ ਤਿੰਨੋਂ ਸ਼ੂਟਰ ਹਨ ਤੇ ਸਾਰੇ ਮੁਲਜ਼ਮਾਂ ਖ਼ਿਲਾਫ਼ ਲਗਪਗ 18 ਅਪਰਾਧਕ ਮਾਮਲੇ ਪਹਿਲਾਂ ਤੋਂ ਦਰਜ ਹਨ। ਇਹ ਸਾਰੇ ਮੁਲਜ਼ਮ ਫਿਰੌਤੀਆਂ ਮੰਗਣ ਤੇ ਹਥਿਆਰਾਂ ਦੀ ਤਸਕਰੀ ਵਿੱਚ ਸਰਗਰਮ ਰਹੇ ਹਨ। ਐੱਸਐੱਸਪੀ ਨੇ ਦੱਸਿਆ ਕਿ ਹਰਵਿੰਦਰ, ਆਕਾਸ਼ ਤੇ ਸੰਦੀਪ ਨੇੜਲੇ ਜ਼ਿਲ੍ਹਿਆਂ ’ਚ ਫਿਰੌਤੀ ਗੈਂਗ ਚਲਾਉਂਦੇ ਸਨ ਤੇ ਮੱਧ ਪ੍ਰਦੇਸ਼ ਤੋਂ ਛੋਟੇ ਹਥਿਆਰ ਲਿਆ ਕੇ ਪੰਜਾਬ ਵਿੱਚ ਵੇਚਦੇ ਸਨ। ਮੱਤੇਵਾਲ ਇਲਾਕੇ ਵਿੱਚ ਹਰਵਿੰਦਰ ਦਾ ਇੱਕ ਵੱਖਰਾ ਗੈਂਗ ਵੀ ਹੈ, ਜਿਸ ਦੇ ਮੈਂਬਰਾਂ ਦੀ ਵੀ ਸ਼ਨਾਖ਼ਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਰਾਜਾ, ਬਲਰਾਜ ਤੇ ਦਵਿੰਦਰ ਦਿੱਲੀ ਤੱਕ ਨਸ਼ਾ ਤਸਕਰੀ ਕਰਦੇ ਸਨ। ਉਕਤ ਮੁਲਜ਼ਮਾਂ ਤੋਂ ਪੁੱਛ ਪੜਤਾਲ ਦੌਰਾਨ ਜਿਨ੍ਹਾਂ ਹੋਰ ਮੁਲਜ਼ਮਾਂ ਦਾ ਪਤਾ ਲੱਗਿਆ ਹੈ, ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਬੀਤੀ 18 ਅਗਸਤ ਦੀ ਰਾਤ ਨੂੰ ਪੁਲੀਸ ਨੇ ਪਿੰਡ ਵਡਾਲਾ ਜੌਹਲ ਨੇੜੇ ਜੱਗੂ ਭਗਵਾਨਪੁਰੀਆ ਗਰੋਹ ਦੇ ਦੋ ਮੈਂਬਰ ਗੁਰਭੇਜ ਸਿੰਘ ਤੇ ਸ਼ਮਸ਼ੇਰ ਸਿੰਘ ਕਾਬੂ ਕੀਤੇ ਸਨ, ਜਿਨ੍ਹਾਂ ਕੋਲੋਂ ਪਿਸਤੌਲ ਤੇ ਦੋ ਕਿੱਲੋ ਹੈਰੋਇਨ ਵੀ ਬਰਾਮਦ ਹੋਈ ਸੀ। ਇਨ੍ਹਾਂ ਤੋਂ ਕੀਤੀ ਪੁੱਛ ਪੜਤਾਲ ਮਗਰੋਂ ਅੱਜ ਉਕਤ ਛੇ ਮੁਲਜ਼ਮ ਕਾਬੂ ਕੀਤੇ ਗਏ ਹਨ।