ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਪੰਜਾਬੀ ਗਾਇਕਾ ਜੈਨੀ ਜੌਹਲ ਦੇ ਅੱਜ ਯੂਟਿਊਬ ’ਤੇ ਰਿਲੀਜ਼ ਕੀਤੇ ਗਏ ਗੀਤ ‘ਲੈਟਰ ਟੂ ਸੀਐੱਮ’ ਨੇ ਕੁਝ ਘੰਟਿਆਂ ’ਚ ਹੀ ਨਵੀਂ ਚਰਚਾ ਛੇੜ ਦਿੱਤੀ। ਇਸ ਗੀਤ ਰਾਹੀਂ ਉਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਨਿਸ਼ਾਨਾ ਸੇਧਿਆ ਹੈ। ਜੈਨੀ ਜੌਹਲ ਵੱਲੋਂ ਲਿਖੇ ਅਤੇ ਗਾਏ ਇਸ ਗੀਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਦਿਨ ਪਹਿਲਾਂ ਗੁਜਰਾਤ ’ਚ ਕੀਤੇ ਗਏ ‘ਗਰਬੇ’ ਤੋਂ ਇਲਾਵਾ ਪੁਲੀਸ ਹਿਰਾਸਤ ’ਚੋਂ ਮੁਲਜ਼ਮ ਫਰਾਰ ਹੋਣ ਦਾ ਵੀ ਜ਼ਿਕਰ ਹੈ। ਗੀਤ ਬਾਰੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਬਹੁਤੇ ਲੋਕਾਂ ਨੇ ਦਲੇਰੀ ਨਾਲ ਸੱਚ ਕਹਿਣ ਲਈ ਗਾਇਕਾ ਦੀ ਤਾਰੀਫ ਕੀਤੀ ਹੈ। ਇਹ ਗੀਤ ਲਾਊਡ ਵੇਵਜ਼ ਦੇ ਲੇਬਲ ਹੇਠ ਪ੍ਰਿੰਸ ਸੱਗੂ ਦੇ ਸੰਗੀਤ ’ਚ ਰਿਲੀਜ਼ ਕੀਤਾ ਗਿਆ ਹੈ। ਗੀਤ ’ਚ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਵੀ ਜ਼ਿਕਰ ਹੈ।