ਪੱਤਰ ਪ੍ਰੇਰਕ
ਮਾਨਸਾ, 31 ਅਗਸਤ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ (ਆਈਓ) ਅੰਗਰੇਜ਼ ਸਿੰਘ ਨੂੰ ਅਚਾਨਕ ਹੀ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਵੱਲੋਂ ਬਦਲ ਦਿੱਤਾ ਗਿਆ ਹੈ। ਪਹਿਲਾਂ ਥਾਣਾ ਸਿਟੀ-1 ਦੇ ਮੁਖੀ ਅੰਗਰੇਜ਼ ਸਿੰਘ ਇਸ ਕਤਲ ਕਾਂਡ ਦੀ ਜਾਂਚ ਕਰ ਰਹੇ ਸਨ, ਹੁਣ ਉਨ੍ਹਾਂ ਦੀ ਥਾਂ ਗੁਰਲਾਲ ਸਿੰਘ ਨੂੰ ਜਾਂਚ ਅਫ਼ਸਰ ਲਾਇਆ ਗਿਆ ਹੈ। ਅੰਗਰੇਜ਼ ਸਿੰਘ ਥਾਣਾ ਸਿਟੀ-1 ਮਾਨਸਾ ਦੇ ਐੱਸਐਚਓ ਸਨ। ਮੂਸੇਵਾਲਾ ਦਾ ਕਤਲ ਇਸੇ ਥਾਣੇ ਅਧੀਨ ਪੈਂਦੇ ਪਿੰਡ ਜਵਾਹਰਕੇ ਵਿੱਚ ਹੋਇਆ ਸੀ, ਜਿਸ ਕਾਰਨ ਥਾਣਾ ਮੁਖੀ ਹੋਣ ਦੇ ਨਾਤੇ ਉਹ ਹੀ ਇਸ ਕੇਸ ਦੀ ਜਾਂਚ ਕਰ ਰਹੇ ਸਨ। ਸਿੱਧੂ ਮੂਸੇਵਾਲਾ ਦੇ ਕਤਲ ਹੋਣ ਵੇਲੇ ਗੈਂਗਸਟਰਾਂ ਵੱਲੋਂ ਅੰਗਰੇਜ਼ ਸਿੰਘ ਨੂੰ ਧਮਕੀਆਂ ਵੀ ਮਿਲੀਆਂ ਸਨ, ਜਿਸ ਕਰਕੇ ਉਨ੍ਹਾਂ ਸਮੇਤ ਥਾਣਾ ਸਿਟੀ-1 ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ। ਅੰਗਰੇਜ਼ ਸਿੰਘ ਨੂੰ ਹੁਣ ਥਾਣਾ ਸਦਰ ਬੁਢਲਾਡਾ ਵਿੱਚ ਤਾਇਨਾਤ ਕੀਤਾ ਗਿਆ ਹੈ। ਹਾਲਾਂਕਿ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਇਸ ਤਬਾਦਲੇ ਨੂੰ ਰੋਜ਼ਾਨਾ ਦੀ ਬਦਲੀ ਦੱਸਿਆ ਹੈ।ਮੂਸੇਵਾਲੇ ਦੇ ਕਤਲ ਕਾਂਡ ਦੀ ਜਾਂਚ ਐੱਸਆਈਟੀ ਕਰ ਰਹੀ ਹੈ, ਜਿਸ ਦੀ ਅਗਵਾਈ ਡੀਆਈਜੀ ਜਸਕਰਨ ਸਿੰਘ ਕਰ ਰਹੇ ਹਨ। ਇਸ ਟੀਮ ਦੇ ਮੈਂਬਰ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ, ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਆਈਜੀ ਗੁਰਮੀਤ ਚੌਹਾਨ ਵੀ ਸ਼ਾਮਲ ਹਨ। ਇਸ ਵਿਚ ਮਾਨਸਾ ਅਤੇ ਬਠਿੰਡਾ ਦੇ ਡੀਐੱਸਪੀ ਦੇ ਨਾਲ-ਨਾਲ ਥਾਣਾ ਸਿਟੀ-1 ਮਾਨਸਾ ਦੇ ਐੱਸਐੱਚਓ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਾਂਚ ਅਫਸਰ ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਮਾਨਸਾ ਪੁਲੀਸ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਚਲਾਨ ਪੇਸ਼ ਕਰ ਚੁੱਕੀ ਹੈ।