ਸਿੱਧੂ ਮੂਸੇਵਾਲਾ ਕੇਸ: ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਪੁੱਛ-ਪੜਤਾਲ : The Tribune India

ਸਿੱਧੂ ਮੂਸੇਵਾਲਾ ਕੇਸ: ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਪੁੱਛ-ਪੜਤਾਲ

ਦੋਵੇਂ ਗਾਇਕ ਦੁਪਹਿਰ ਸਮੇਂ ਮਾਨਸਾ ਦੇ ਸੀਆਈਏ ਥਾਣੇ ਵਿੱਚ ਹੋਏ ਪੇਸ਼

ਸਿੱਧੂ ਮੂਸੇਵਾਲਾ ਕੇਸ: ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਪੁੱਛ-ਪੜਤਾਲ

ਮਾਨਸਾ ਦੇ ਸੀਆਈਏ ਥਾਣੇ ’ਚੋਂ ਪੁੱਛ-ਪੜਤਾਲ ਬਾਅਦ ਬਾਹਰ ਆਉਂਦੇ ਹੋਏ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ

ਮਾਨਸਾ, 7 ਦਸੰਬਰ

ਸਥਾਨਕ ਪੁਲੀਸ ਨੇ ਪੰਜਾਬੀ ਗਾਇਕਾਂ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਅੱਜ ਪੰਜ ਘੰਟੇ ਤੋਂ ਵੱਧ ਸਮੇਂ ਤੱਕ ਪੁੱਛ-ਪੜਤਾਲ ਕੀਤੀ। ਦੋਵੇਂ ਗਾਇਕ ਦੁਪਹਿਰ ਸਮੇਂ ਮਾਨਸਾ ਸਥਿਤ ਸੀਆਈਏ ਥਾਣੇ ਪੁੱਜੇ। ਸੀਨੀਅਰ ਪੁਲੀਸ ਕਪਤਾਨ ਡਾ. ਨਾਨਕ ਸਿੰਘ ਨੇ ਦੱਸਿਆ ਕਿ ਮਾਨ ਅਤੇ ਔਲਖ ਤੋਂ ਮੂਸੇਵਾਲਾ ਕਤਲ ਕੇਸ ਸਬੰਧੀ ਪੁੱਛ-ਪੜਤਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋਨੋਂ ਗਾਇਕਾਂ ਤੋਂ ਲੋੜ ਪੈਣ ’ਤੇ ਮੁੜ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ।

ਜਾਣਕਾਰੀ ਅਨੁਸਾਰ ਪੁਲੀਸ ਨੇ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਦੀ ਆਪਸੀ ਤਕਰਾਰ ਦੇ ਸਬੰਧ ਵਿੱਚ ਪੁੱਛ-ਪੜਤਾਲ ਕੀਤੀ। ਪੁਲੀਸ ਨੇ ਇਨ੍ਹਾਂ ਦੋਨੋਂ ਗਾਇਕਾਂ ਤੋਂ ਵੱਖ-ਵੱਖ ਵੀ ਪੜਤਾਲ ਕੀਤੀ। ਇਹ ਪੁੱਛ-ਪੜਤਾਲ ਸੀਆਈਏ ਦੇ ਇੰਚਾਰਜ ਜਗਦੀਸ਼ ਕੁਮਾਰ ਸ਼ਰਮਾ ਸਮੇਤ ਹੋਰ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ। ਮੂਸੇਵਾਲਾ ਦੇ ਕਤਲ ਤੋਂ ਕੁੱਝ ਸਮਾਂ ਪਹਿਲਾਂ ਦੋਨੋਂ ਗਾਇਕਾਂ ਵਿਚਕਾਰ ਵਿਵਾਦ ਹੋ ਗਿਆ ਸੀ। ਸਿੱਧੂ ਮੂਸੇਵਾਲਾ ਨੇ ਬੱਬੂ ਮਾਨ ਦਾ ਨਾਮ ਲਏ ਬਿਨਾਂ ਲਾਈਵ ਹੋ ਕੇ ਆਪਣੀ ਗੱਲ ਰੱਖੀ ਸੀ ਅਤੇ ਇਸ ਮਾਮਲੇ ਵਿੱਚ ਦੋਨੋਂ ਗਾਇਕਾਂ ਦੇ ਪ੍ਰਸ਼ੰਸਕ ਵੀ ਇੱਕ-ਦੂਜੇ ਖਿਲਾਫ਼ ਸੋਸ਼ਲ ਮੀਡੀਆ ’ਤੇ ਆ ਗਏ ਸਨ। ਭਾਵੇਂ ਬੱਬੂ ਮਾਨ, ਮੂਸੇਵਾਲਾ ਦੇ ਨਾਲ ਆਨ-ਲਾਈਨ ਝਗੜਿਆਂ ਵਿੱਚ ਸ਼ਾਮਲ ਸੀ, ਪਰ ਮਨਕੀਰਤ ਔਲਖ ਦਾ ਨਾਮ ਪੰਜਾਬੀ ਗਾਇਕ ਦੇ ਕਤਲ ਨਾਲ ਸ਼ੁਰੂ ਤੋਂ ਹੀ ਜੁੜ ਗਿਆ ਸੀ ਅਤੇ ਇਸ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਔਲਖ ਦੀਆਂ ਤਸਵੀਰਾਂ ਵਿਆਪਕ ਤੌਰ ’ਤੇ ਸਾਂਝੀਆਂ ਕੀਤੀਆਂ ਗਈਆਂ ਸਨ। ਇੱਥੋਂ ਤੱਕ ਕਿ ਬੰਬੀਹਾ ਗੈਂਗ ਨੇ ਔਲਖ ’ਤੇ ਕਤਲ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ ਅਤੇ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਹਾਲਾਂਕਿ, ਐਸਆਈਟੀ ਨੇ ਚਾਰਜਸ਼ੀਟ ਵਿੱਚ ਇਸ ਕਤਲ ਨੂੰ ਬਿਸ਼ਨੋਈ ਅਤੇ ਬੰਬੀਹਾ ਗੈਂਗ ਵਿਚਾਲੇ ਬਦਲੇ ਦੀ ਹੱਤਿਆ ਦੀ ਇੱਕ ਲੰਬੀ ਲੜੀ ਦਾ ਹਿੱਸਾ ਕਰਾਰ ਦਿੱਤਾ ਸੀ। ਇਸ ਵਿੱਚ ਸੰਗੀਤ ਉਦਯੋਗ ਨਾਲ ਜੁੜੇ ਕਿਸੇ ਵਿਅਕਤੀ ਦੀ ਸ਼ਮੂਲੀਅਤ ਦਾ ਕੋਈ ਜ਼ਿਕਰ ਨਹੀਂ ਸੀ। ਪੁਲੀਸ ਨੇ ਸੰਗੀਤ ਨਿਰਦੇਸ਼ਕ ਨਿਸ਼ਾਨ ਸਿੰਘ, ਜੋ ਕਿ ਇੱਕ ਸੀਨੀਅਰ ਪੁਲੀਸ ਅਧਿਕਾਰੀ ਦਾ ਪੁੱਤਰ ਹੈ ਅਤੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਭੰਗਚੜੀ ਦੇ ਦੋ ਵਸਨੀਕਾਂ ਨੂੰ ਵੀ ਸੰਮਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਕੌਮੀ ਜਾਂਚ ੲੇਜੰਸੀ (ਐਨਆਈਏ) ਨੇ ਗੈਂਗਸਟਰ-ਗਾਇਕ ਸਿੰਡੀਕੇਟ ਦੀ ਜਾਂਚ ਦੇ ਸਬੰਧ ਵਿੱਚ ਨਵੀਂ ਦਿੱਲੀ ਵਿੱਚ ਏਜੰਸੀ ਦੇ ਹੈੱਡਕੁਆਰਟਰ ਵਿੱਚ ਗਾਇਕ ਦਿਲਪ੍ਰੀਤ ਢਿੱਲੋਂ, ਅਫਸਾਨਾ ਖਾਨ ਤੋਂ ਇਲਾਵਾ ਮਨਕੀਰਤ ਔਲਖ ਤੋਂ ਪੁੱਛ-ਪੜਤਾਲ ਕੀਤੀ ਸੀ। ਇਸ ਤੋਂ ਇਲਾਵਾ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਨੂੰ ਵੀ ਮਾਨਸਾ ਪੁਲੀਸ ਨੇ ਮੂਸੇਵਾਲਾ ਕਤਲ ਕੇਸ ਵਿੱਚ ਤਲਬ ਕੀਤਾ ਸੀ ਅਤੇ ਉਸ ਤੋਂ ਪਿਛਲੇ ਹਫ਼ਤੇ ਪੁੱਛ-ਪੜਤਾਲ ਕੀਤੀ ਗਈ ਸੀ। ਇਨ੍ਹਾਂ ਵਿਅਕਤੀਆਂ ਦੇ ਨਾਮ ਵੀ ਮੂਸੇਵਾਲਾ ਦੇ ਪਿਤਾ ਵੱਲੋਂ ਆਪਣੇ ਪੁੱਤਰ ਦੇ ਕਤਲ ਵਿਚ ਭੂਮਿਕਾ ਦੀ ਜਾਂਚ ਲਈ ਪੁਲੀਸ ਨੂੰ ਦਿੱਤੇ ਗਏ ਸਨ। ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਤੋਂ ਇਕ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਮੂਸੇਵਾਲਾ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਸੀ।

ਪੰਜਾਬ ਪੁਲੀਸ ਨੇ ਕਤਲ ਕੇਸ ਵਿੱਚ 36 ਲੋਕਾਂ ਨੂੰ ਕੀਤਾ ਹੈ ਨਾਮਜ਼ਦ

ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ ਵਿੱਚ 36 ਲੋਕਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ ਅਤੇ 24 ਖ਼ਿਲਾਫ਼ 1,850 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ਅਨੁਸਾਰ ਕੈਨੇਡਾ ਸਥਿਤ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮਦਦ ਨਾਲ ਪਿਛਲੇ ਸਾਲ ਮੁਹਾਲੀ ਵਿੱਚ ਗੋਲੀ ਮਾਰਕੇ ਮਾਰੇ ਗਏ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਕਤਲ ਦੀ ਯੋਜਨਾ ਨੂੰ ਅੰਜਾਮ ਦਿੱਤਾ ਸੀ। ਮਿੱਡੂਖੇੜਾ ਦੇ ਕਤਲ ਵਿੱਚ ਸ਼ਗਨਪ੍ਰੀਤ ਸਿੰਘ ਦਾ ਨਾਮ ਸਾਹਮਣੇ ਆਇਆ ਸੀ, ਜਿਸ ਨੂੰ ਮੂਸੇਵਾਲਾ ਦਾ ਮੈਨੇਜਰ ਦੱਸਿਆ ਜਾਂਦਾ ਸੀ। ਇਸ ਮਗਰੋਂ ਗੈਂਗਸਟਰਾਂ ਨੇ ਦਾਅਵਾ ਕੀਤਾ ਸੀ ਕਿ ਇਸ ਕਤਲ ਵਿੱਚ ਗਾਇਕ ਵੀ ਸ਼ਾਮਲ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All