ਸ਼ਗਨ ਕਟਾਰੀਆ
ਬਠਿੰਡਾ, 26 ਅਪਰੈਲ
ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਪੰਜਾਬ ਟਰੇਡ ਵਿੰਗ ਦੇ ਸੂਬਾ ਪ੍ਰਧਾਨ ਨੀਲ ਗਰਗ ਨੇ ਹਰਸਿਮਰਤ ਕੌਰ ਬਾਦਲ ’ਤੇ ਸਵਾਲਾਂ ਦੀ ਬੁਛਾੜ ਕੀਤੀ ਹੈ। ਉਨ੍ਹਾਂ ਪੁੱਛਿਆ ਕਿ ਹਰਸਿਮਰਤ 2014 ਤੋਂ ਹਰ ਚੋਣਾਂ ’ਚ ਏਮਜ਼ ਦੇ ਨਾਂ ’ਤੇ ਵੋਟਾਂ ਮੰਗਦੇ ਆ ਰਹੇ ਹਨ। ਆਖ਼ਿਰ ਉਹ ਦੱਸਣਗੇ ਕਿ ਹੋਰ ਕਿੰਨੀਆਂ ਚੋਣਾਂ ਵਿਚ ਏਮਸ ਦੇ ਨਾਂ ’ਤੇ ਹੀ ਵੋਟਾਂ ਮੰਗਦੇ ਰਹਿਣਗੇ? ਨੀਲ ਗਰਗ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਇਹ ਵੀ ਦੱਸਣ ਕਿ ਪੰਜਾਬ ਵਿੱਚ ਨਸ਼ੇ ਨੂੰ ਕਿਸ ਪਾਰਟੀ ਨੇ ਪ੍ਰਮੋਟ ਕੀਤਾ? ਕਿਸ ਨੇ ਗੁੰਡਾਗਰਦੀ ਦੀ ਰਾਜਨੀਤੀ ਕੀਤੀ ਅਤੇ ਮਾਫੀਆ ਰਾਜ ਕਿਸ ਨੇ ਸਥਾਪਿਤ ਕੀਤਾ? ਉਨ੍ਹਾਂ ਕਿਹਾ ਕਿ ਬਠਿੰਡਾ ਦਾ ਵਿਕਾਸ ਕਰਨ ਦਾ ਦਾਅਵਾ ਕਰਨ ਵਾਲੀ ਸੰਸਦ ਮੈਂਬਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੇਂਦਰ ਵੱਲੋਂ ਰੋਕੇ ਫੰਡਾਂ ਦਾ ਮੁੱਦਾ ਕਿੰਨੀ ਵਾਰ ਉਠਾਇਆ ਹੈ? ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਇੱਕ ਕਾਰਨ ਦੱਸਣ ਕਿ ਬਠਿੰਡਾ ਦੇ ਲੋਕ ਤੁਹਾਨੂੰ ਵੋਟ ਕਿਉਂ ਪਾਉਣ? ਕੀ ਸਿਰਫ ਏਮਸ ਕਰਕੇ ਹੀ ਬਠਿੰਡਾ ਦੇ ਲੋਕ ਤੁਹਾਨੂੰ ਵਾਰ-ਵਾਰ ਐਮ.ਪੀ ਚੁਣਨਗੇ? ਤੁਹਾਨੂੰ ਜਵਾਬ ਦੇਣਾ ਪਵੇਗਾ।