ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਅਪਰੈਲ
ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸ਼ਾਨ-ਏ-ਪੰਜਾਬ ਰੇਲ ਗੱਡੀ ਦੇ ਪਹੀਆਂ ਹੇਠ ਅੱਜ ਅੱਗ ਲੱਗ ਗਈ, ਜਿਸ ਕਾਰਨ ਯਾਤਰੀਆਂ ਵਿੱਚ ਹਫੜਾ-ਦਫੜੀ ਮੱਚ ਗਈ। ਬੜੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਰੇਲਵੇ ਮੁਲਾਜ਼ਮਾਂ ਮੁਤਾਬਕ ਰਾਹ ਵਿੱਚ ਕਿਸੇ ਮੁਸਾਫਿਰ ਨੇ ਚੇਨ ਖਿੱਚ ਦਿੱਤੀ ਸੀ, ਜਿਸ ਕਾਰਨ ਇਹ ਅੱਗ ਲੱਗੀ ਹੈ। ਚੇਨ ਖਿੱਚਣ ਨਾਲ ਵੈਕਿਊਮ ਪ੍ਰੈਸ਼ਰ ਦੀ ਬਰੇਕ ਲੱਗੀ ਅਤੇ ਗਾਡਰਾਂ ’ਤੇ ਡੱਬੇ ਦੇ ਪਹੀਏ ਰਗੜ ਖਾਂਦੇ ਗਏ। ਰਗੜ ਲੱਗਣ ਕਾਰਨ ਪੈਦਾ ਹੋਈ ਗਰਮੀ ਕਰ ਕੇ ਅੱਗ ਲੱਗ ਗਈ, ਜਿਸ ਨੇ ਡੱਬੇ ਨੂੰ ਵੀ ਲਪੇਟ ਵਿੱਚ ਲੈ ਲਿਆ। ਮਿਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਪਤਾ ਨਾ ਗਾਰਡ ਨੂੰ ਲੱਗਿਆ ਤੇ ਨਾ ਹੀ ਲੋਕੋ ਪਾਇਲਟ ਨੂੰ, ਜਿਸ ਕਾਰਨ ਇਹ ਅੱਗ ਵਧ ਗਈ। ਜਲੰਧਰ ਰੇਲਵੇ ਸਟੇਸ਼ਨ ’ਤੇ ਪੁੱਜ ਕੇ ਇਸ ਅੱਗ ’ਤੇ ਕਾਬੂ ਪਾਇਆ ਗਿਆ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਰੇਲਵੇ ਇੰਜਨੀਅਰ, ਆਰਪੀਐੱਫ ਤੇ ਜੀਆਰਪੀ ਮੌਕੇ ’ਤੇ ਪਹੁੰਚ ਗਈ। ਬਰੇਕਾਂ ਠੀਕ ਕਰਨ ਤੋਂ ਬਾਅਦ ਹੀ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਸਾਰੀ ਘਟਨਾ ਦੀ ਸੂਚਨਾ ਫਿਰੋਜ਼ਪੁਰ ਦੀ ਡਿਵੀਜ਼ਨ ਨੂੰ ਦੇ ਦਿੱਤੀ ਗਈ। ਅਧਿਕਾਰੀ ਜਾਂਚ ’ਚ ਲੱਗੇ ਹੋਏ ਹਨ ਕਿ ਆਖ਼ਰਕਾਰ ਕਿਸ ਦੀ ਲਾਪ੍ਰਵਾਹੀ ਕਰ ਕੇ ਇਹ ਹਾਦਸਾ ਵਾਪਰਿਆ ਅਤੇ ਇਸ ਬਾਰੇ ਗਾਰਡ ਨੂੰ ਪਤਾ ਕਿਉਂ ਨਹੀਂ ਲੱਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਯਾਤਰੀਆਂ ਨੇ ਦੱਸਿਆ ਹੈ ਕਿ ਜਦੋਂ ਰੇਲ ਗੱਡੀ ਬਿਆਸ ਤੋਂ ਚੱਲੀ ਸੀ ਤਾਂ ਧੂੰਏਂ ਦੀ ਬਦਬੂ ਆ ਰਹੀ ਸੀ, ਪਰ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿੱਥੇ ਲੱਗੀ ਹੈ। ਬਿਆਸ ਤੋਂ ਕੁਝ ਹੀ ਮਿੰਟਾਂ ਵਿੱਚ ਗੱਡੀ ਜਲੰਧਰ ਰੇਲਵੇ ਸਟੇਸ਼ਨ ’ਤੇ ਪਹੁੰਚ ਗਈ ਸੀ।