ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਦਸੰਬਰ
ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਦੀਆਂ ਵਾਇਰਲ ਵੀਡੀਓ ਟੀਵੀ ਚੈਨਲਾਂ ਵੱਲੋਂ ਕੀਤੀ ਜਾਂਦੀ ਵਿਚਾਰ-ਚਰਚਾ ਦੌਰਾਨ ਚਲਾਉਣ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੇਵਲ ਸਿੱਖ ਕੌਮ ਦਾ ਹੀ ਨਹੀਂ, ਬਲਕਿ ਸਮੁੱਚੀ ਮਾਨਵਤਾ ਲਈ ਸ਼ਰਧਾ ਤੇ ਸਤਿਕਾਰ ਦਾ ਮੁਕੱਦਸ ਅਸਥਾਨ ਹੈ। ਇੱਥੇ ਲੱਖਾਂ ਸ਼ਰਧਾਲੂ ਰੋਜ਼ਾਨਾ ਨਤਮਸਤਕ ਹੁੰਦੇ ਹਨ। ਕੁਝ ਦਿਨ ਪਹਿਲਾਂ ਅਣਪਛਾਤੇ ਵੱਲੋਂ ਇੱਥੇ ਕੀਤੀ ਕੋਝੀ ਹਰਕਤ ਨੇ ਸਮੁੱਚੇ ਜਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਤਾਰ-ਤਾਰ ਕੀਤਾ ਹੈ।
ਇਸ ਸਬੰਧੀ ਵਾਇਰਲ ਵੀਡੀਓ ਨੂੰ ਮੀਡੀਆ ਚੈਨਲਾਂ ਵੱਲੋਂ ਵਾਰ-ਵਾਰ ਚਲਾਉਣ ਨਾਲ ਸੰਗਤ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ।