ਸੰਜੀਵ ਹਾਂਡਾ
ਫ਼ਿਰੋਜ਼ਪੁਰ, 8 ਜਨਵਰੀ
ਇੱਥੇ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਵਿੱਚ ਪਏ ਵਿਘਨ ਦੇ ਮਾਮਲੇ ਦੀ ਪੜਤਾਲ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਉੱਚ ਅਧਿਕਾਰੀਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਐੱਨਆਈਏ ਦੇ ਆਈਜੀ ਸੰਤੋਸ਼ ਰਸਤੋਗੀ ਦੀ ਅਗਵਾਈ ਵਾਲੀ ਇਸ ਟੀਮ ਦੇ ਸੱਤ ਅਧਿਕਾਰੀਆਂ ਨੂੰ ਪੜਤਾਲ ਕਰ ਰਹੇ ਅਧਿਕਾਰੀਆਂ ਦੀ ਮਦਦ ਕਰਨ ਲਈ ਚੁਣਿਆ ਗਿਆ ਹੈ। ਇਸ ਟੀਮ ਵਿੱਚ ਡੀਆਈਜੀ ਅਤੇ ਐੱਸਪੀ ਰੈਂਕ ਦੇ ਤਿੰਨ-ਤਿੰਨ ਅਫ਼ਸਰ ਸ਼ਾਮਲ ਕੀਤੇ ਗਏ ਹਨ। ਐੱਨਆਈਏ ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੇ ਇਸ ਸਬੰਧੀ ਪੱਤਰ ਜਾਰੀ ਕੀਤਾ ਹੈ। ਆਈਜੀ ਰਸਤੋਗੀ ਦੀ ਅਗਵਾਈ ਵਾਲੀ ਟੀਮ ਵਿੱਚ ਡੀਆਈਜੀ ਬਿਧੀ ਕੁਮਾਰ, ਡੀਆਈਜੀ ਕਲਿਰਾਜ ਮਹੇਸ਼ ਕੁਮਾਰ ਤੇ ਡੀਆਈਜੀ ਅਮਿਤ ਕੁਮਾਰ ਤੋਂ ਇਲਾਵਾ ਐੱਸਪੀ ਅਮਿਤ ਸਿੰਘ, ਐੱਸਪੀ ਤਜਿੰਦਰ ਸਿੰਘ ਅਤੇ ਐੱਸਪੀ ਸ਼ੰਕਰ ਬੀ ਰਾਏਮੇਧੀ ਸ਼ਾਮਲ ਕੀਤੇ ਗਏ ਹਨ। ਇਹ ਟੀਮ ਪਹਿਲਾਂ ਤੋਂ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਸਾਰਾ ਰਿਕਾਰਡ ਇਕੱਠਾ ਕਰਨ ’ਚ ਮਦਦ ਕਰੇਗੀ। ਅੱਜ ਇਸ ਟੀਮ ਦੇ ਘਟਨਾ ਸਥਾਨ ’ਤੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਟੀਮ ਨਹੀਂ ਪਹੁੰਚੀ। ਕਈ ਪੱਤਰਕਾਰ ਪੂਰਾ ਦਿਨ ਟੀਮ ਦੇ ਆਉਣ ਦੀ ਉਡੀਕ ਕਰਦੇ ਰਹੇ।