ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਅਪਰੈਲ
ਵਿਜੀਲੈਂਸ ਬਿਊਰੋ ਨੇ ਪੰਚਾਇਤੀ ਫੰਡਾਂ ਵਿਚ ਕਥਿਤ ਤੌਰ ’ਤੇ ਘਪਲੇਬਾਜ਼ੀ ਕਰਨ ਅਤੇ ਘਪਲਿਆਂ ਨੂੰ ਛੁਪਾਉਣ ਲਈ ਰਿਕਾਰਡ ਖੁਰਦ-ਬੁਰਦ ਕਰਨ ਆਦਿ ਦੋਸ਼ਾਂ ਤਹਿਤ ਇੱਕ ਪੰਚਾਇਤ ਸਕੱਤਰ ਅਤੇ ਇੱਕ ਸਾਬਕਾ ਸਰਪੰਚ ਪਿੰਡ ਨਵਾਂਗਾਓਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵਿਜੀਲੈਂਸ ਦੇ ਡੀਐੱਸਪੀ ਸਤਨਾਮ ਸਿੰਘ ਵਿਰਕ ਨੇ ਦੱਸਿਆ ਕਿ ਪੰਚਾਇਤ ਸਕੱਤਰ ਧਨਵੰਤ ਸਿੰਘ ਅਤੇ ਪਰਮਜੀਤ ਸਿੰਘ ਸਾਬਕਾ ਸਰਪੰਚ ਨਵਾਂਗਾਓਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ’ਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਚਾਂਦੂ, ਰਾਜਲਹੇੜੀ, ਨਵਾਂਗਾਓਂ ਅਤੇ ਸ਼ੇਰਗੜ੍ਹ ਉਰਫ਼ ਸੀਹਾਂ ਸਿੰਘ ਵਾਲਾ ਵਿਖੇ ਧਨਵੰਤ ਸਿੰਘ ਪੰਚਾਇਤ ਸਕੱਤਰ ਲੱਗਾ ਹੋਇਆ ਸੀ। ਇਨ੍ਹਾਂ ਪਿੰਡਾਂ ਵਿਚ ਵਿਕਾਸ ਕੰਮਾਂ ਲਈ ਕਾਫ਼ੀ ਪੈਸਾ ਆਇਆ ਸੀ। ਵਿਕਾਸ ਦੇ ਕੰਮਾਂ ਵਿਚ ਹੋਈ ਘਪਲੇਬਾਜ਼ੀ ਸਬੰਧੀ ਪਿੰਡ ਨਵਾਂਗਾਓਂ ਦੇ ਲੋਕਾਂ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੂੰ 18 ਅਪਰੈਲ 2017 ਨੂੰ ਸ਼ਿਕਾਇਤ ਕੀਤੀ ਸੀ। ਪੜਤਾਲ ’ਚ ਪਾਇਆ ਗਿਆ ਕਿ ਇਨ੍ਹਾਂ ਵੱਲੋਂ ਪੰਚਾਇਤੀ ਫੰਡਾਂ ਵਿਚ ਘਪਲੇਬਾਜ਼ੀ ਕੀਤੀ ਗਈ ਅਤੇ ਆਪਣਾ ਜੁਰਮ ਛੁਪਾਉਣ ਲਈ ਸਰਕਾਰੀ ਰਿਕਾਰਡ ਨੂੰ ਅੱਗ ਨਾਲ ਸੜਨਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੰਸਪੈਕਟਰ ਵਿਜੀਲੈਂਸ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਇਸ ਕੇਸ ਵਿਚ ਪੰਚਾਇਤ ਸਕੱਤਰ ਧਨਵੰਤ ਸਿੰਘ ਅਤੇ ਪਰਮਜੀਤ ਸਿੰਘ ਸਾਬਕਾ ਸਰਪੰਚ ਪਿੰਡ ਨਵਾਂਗਾਓਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।