ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਜੁਲਾਈ
ਇਸ ਸ਼ਹਿਰ ਦੀ ਮਹਿਲ ਮੁਬਾਰਕ ਕਲੋਨੀ ਦੇ ਘਰ ’ਚ ਬਜ਼ੁਰਗ ਜੋੜੇ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਹੈ। ਬਜ਼ੁਰਗ ਜੋੜੇ ਦੀਆਂ ਲਾਸ਼ਾਂ ਘਰ ਦੇ ਅੰਦਰ ਹੀ ਪਈਆਂ ਮਿਲੀਆਂ ਹਨ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਪਣੇ ਘਰ ਵਿਚ ਪ੍ਰੀਤਮ ਸਿੰਘ (78) ਅਤੇ ਸੁਰਜੀਤ ਕੌਰ (77) ਇਕੱਲੇ ਰਹਿੰਦੇ ਸਨ। ਅੱਜ ਸਵੇਰੇ ਦੋਧੀ ਘਰ ਪੁੱਜਿਆ ਤਾਂ ਘਰ ਦਾ ਦਰਵਾਜ਼ਾ ਕਿਸੇ ਨੇ ਨਹੀਂ ਖੋਲ੍ਹਿਆ, ਜਿਸ ਕਰਕੇ ਮੁਹੱਲਾ ਵਾਸੀਆਂ ਵਲੋਂ ਪੁਲੀਸ ਨੂੰ ਸੂਚਨਾ ਦਿੱਤੀ ਗਈ। ਡੀਐੱਸਪੀ ਸੱਤਪਾਲ ਸ਼ਰਮਾ ਅਤੇ ਥਾਣਾ ਸਿਟੀ ਇੰਚਾਰਜ ਸਮੇਤ ਪੁਲੀਸ ਪਾਰਟੀ ਮੌਕੇ ’ਤੇ ਪੁੱਜੇ। ਪੁਲੀਸ ਨੇ ਦਰਵਾਜ਼ਾ ਖੋਲ੍ਹ ਕੇ ਵੇਖਿਆ ਤਾਂ ਬਜ਼ੁਰਗ ਜੋੜਾ ਮ੍ਰਿਤਕ ਪਿਆ ਸੀ। ਜੋੜੇ ਦੀ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਨਹੀਂ ਸਨ। ਡੀਐੱਸਪੀ ਅਨੁਸਾਰ ਜੋੜੇ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ, ਜਿਥੇ ਡਾਕਟਰਾਂ ਦੇ ਬੋਰਡ ਵਲੋਂ ਪੋਸਟਮ ਮਾਰਟਮ ਕੀਤਾ ਜਾਵੇਗਾ।