ਜਗਰਾਉਂ, 13 ਮਈ
ਦਿੱਲੀ ਮੋਰਚਾ ਚਲਾ ਰਹੀਆਂ ਕਿਸਾਨ ਜਥੇਬੰਦੀਆਂ ਦੇ ਸਾਂਝੇ ਫੋਰਮ ’ਚ ਸ਼ਾਮਲ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਇਕੱਤਰਤਾ ਅੱਜ ਚੌਂਕੀਮਾਨ ਟੌਲ ਪਲਾਜ਼ੇ ’ਤੇ ਹੋਈ। ਇਸ ਸਮੇਂ 22 ਮਈ ਦੀਆਂ ਮਹਾ-ਰੈਲੀਆਂ ਦੀ ਤਿਆਰੀ ਸਬੰਧੀ ਚਰਚਾ ਉਪਰੰਤ ਪਿੰਡਾਂ ’ਚ ਪ੍ਰਚਾਰ ਮੁਹਿੰਮ ਜਾਰੀ ਰੱਖਣ ਦਾ ਫ਼ੈਸਲਾ ਹੋਇਆ। ਪਿੰਡ ਤਲਵੰਡੀ ਕਲਾਂ ’ਚ ਬੀਤੇ ਦਿਨੀਂ ‘ਆਪ’ ਦੇ ਲੋਕ ਸਭਾ ਲਈ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਤੇ ਹਲਕਾ ਦਾਖਾ ਇੰਚਾਰਜ ਐੱਨਕੇਐੱਸ ਕੰਗ ਨੂੰ ਘੇਰ ਕੇ ਸਵਾਲ ਕਰਨ ਅਤੇ ਸਵਾਲਾਂ ਰਾਹੀਂ ਲਾਜਵਾਬ ਕਰਨ ਦੀ ਕਾਰਵਾਈ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।
ਜਥੇਬੰਦੀ ਦੇ ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ ਦੀ ਅਗਵਾਈ ਹੇਠ ਹੋਈ ਇਕੱਤਰਤਾ ਨੂੰ ਸਕੱਤਰ ਜਸਦੇਵ ਸਿੰਘ ਲਲਤੋਂ, ਰਣਜੀਤ ਸਿੰਘ ਗੁੜੇ, ਜਰਨੈਲ ਸਿੰਘ ਮੁੱਲਾਂਪੁਰ, ਜਗਦੇਵ ਸਿੰਘ ਗੁੜੇ, ਗੁਰਦੇਵ ਸਿੰਘ ਮੁੱਲਾਂਪੁਰ, ਗੁਰਮੇਲ ਸਿੰਘ ਢੱਟ, ਡਾ. ਗੁਰਮੇਲ ਗੁੜੇ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਸਾਥੀ ਹਰਵਿੰਦਰ ਸਿੰਘ ਹਰਪਾਲਪੁਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਅਤੇ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ 25 ਲੱਖ ਰੁਪਏ ਦੀ ਮਾਲੀ ਸਹਾਇਤਾ ਮੰਗੀ। ਇਸ ਤੋਂ ਇਲਾਵਾ ਲਟਕਦੀਆਂ ਕਿਸਾਨੀ ਮੰਗਾਂ ਬਾਰੇ ਚਰਚਾ ਕਰਨ ਮਗਰੋਂ ਇਨ੍ਹਾਂ ਨੂੰ ਲਾਗੂ ਕਰਵਾਉਣ ਲਈ ਕੇਂਦਰੀ ਹਕੂਮਤ ’ਤੇ ਦਬਾਅ ਬਣਾਈ ਰੱਖਣ ਦਾ ਅਹਿਦ ਦੁਹਰਾਇਆ। ਉਨ੍ਹਾਂ ਦੱਸਿਆ ਕਿ 22 ਮਈ ਨੂੰ ਸ਼ੰਭੂ, ਖਨੌਰੀ, ਡੱਬਵਾਲੀ ਤੇ ਸੰਘਰੀਆ ਹੱਦਾਂ ’ਤੇ ਚਾਰ ਮਹਾ-ਰੈਲੀਆਂ ਕੀਤੀਆਂ ਜਾਣਗੀਆਂ। ਇਸ ਸਮੇਂ ਗੁਰਦੀਪ ਸਿੰਘ ਸਵੱਦੀ, ਤਾਰਾ ਸਿੰਘ, ਮੋਦਨ ਸਿੰਘ ਕੁਲਾਰ, ਗੁਰਚਰਨ ਸਿੰਘ ਢੱਟ, ਤੇਜਿੰਦਰ ਸਿੰਘ ਬਿਰਕ, ਅੰਗਰੇਜ਼ ਸਿੰਘ, ਨਿਰਭੈ ਸਿੰਘ ਕੁਲਾਰ, ਗੁਰਪਾਲ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।