ਨਿੱਜੀ ਪੱਤਰ ਪ੍ਰੇਰਕ
ਖੰਨਾ, 13 ਮਈ
ਇੱਥੋਂ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ਵਿੱਚ ਸੜਕ ਕਿਨਾਰੇ ਕਰੀਬ ਡੇਢ ਮਹੀਨੇ ਤੋਂ ਲਟਕ ਰਹੇ ਟ੍ਰਾਂਸਫਾਰਮਰ ਬਾਰੇ ਪਾਵਰਕੌਮ ਬੇਖ਼ਬਰ ਨਜ਼ਰ ਆ ਰਿਹਾ ਹੈ। ਪਿੰਡ ਵਾਸੀਆਂ ਤੇਜਾ ਸਿੰਘ ਕੁਲਾਰ, ਨਾਜ਼ਰ ਸਿੰਘ, ਜਸਦੀਪ ਸਿੰਘ, ਮਨਦੀਪ ਸਿੰਘ, ਨੰਬਰਦਾਰ ਜਰਨੈਲ ਸਿੰਘ ਆਦਿ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਸੜਕ ਹਾਦਸੇ ’ਚ ਕਾਰ ਟ੍ਰਾਂਸਫਾਰਮਰ ਵਾਲੇ ਖੰਭੇ ਵਿੱਚ ਵੱਜੀ ਸੀ। ਜਿਸ ਕਾਰਨ ਖੰਭੇ ਦਾ ਹੇਠਲਾਂ ਹਿੱਸਾ ਟੁੱਟ ਗਿਆ ਸੀ ਟ੍ਰਾਂਸਫਾਰਮਰ ਨੁਕਸਾਨਿਆ ਗਿਆ ਸੀ। ਇਸ ਹਾਦਸੇ ਕਾਰਨ ਪਿੰਡ ਦੇ ਕਰੀਬ 70-75 ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ।
ਇਸ ਸਬੰਧੀ ਪਾਵਰਕੌਮ ਦੇ ਜੂਨੀਅਰ ਇੰਜਨੀਅਰ ਵਿਜੈ ਕੁਮਾਰ ਨੇ ਕਿਹਾ ਕਿ ਇਸ ਘਟਨਾ ਦੀ ਰਿਪੋਰਟ ਪੁਲੀਸ ਨੂੰ ਦਿੱਤੀ ਗਈ ਸੀ ਅਤੇ ਕਾਰ ਮਾਰਨ ਵਾਲੇ ਮੁਲਜ਼ਮਾਂ ਵਿਰੁੱਧ ਬਣਦੀ ਕਾਰਵਾਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਟ੍ਰਾਂਸਫਾਰਮਰ ਬਦਲਿਆ ਜਾਵੇਗਾ।