ਜਗਮੋਹਨ ਸਿੰਘ
ਰੂਪਨਗਰ, 6 ਅਕਤੂਬਰ
ਰੂਪਨਗਰ ਜ਼ਿਲ੍ਹੇ ਦੇ ਸਟੋਨ ਕਰੱਸ਼ਰ ਅਤੇ ਸਕਰੀਨਿੰਗ ਪਲਾਂਟ ਮਾਲਕਾਂ ਨੇ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਹੜਤਾਲ ਦਾ ਐਲਾਨ ਕਰਨ ਤੋਂ ਪਹਿਲਾਂ ਕਰੱਸ਼ਰ ਯੂਨੀਅਨ ਦੇ ਪ੍ਰਧਾਨ ਅਜਵਿੰਦਰ ਸਿੰਘ ਬੇਈਹਾਰਾ ਦੀ ਅਗਵਾਈ ਅਧੀਨ ਕਰੱਸ਼ਰ ਮਾਲਕਾਂ ਨੇ ਖਣਨ ਵਿਭਾਗ ਦੇ ਐਕਸੀਅਨ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਕਰੱਸ਼ਰ ਪਾਲਸੀ-2022 ਦੀਆਂ 30 ਸ਼ਰਤਾਂ ਵਿੱਚੋਂ ਸਿਰਫ 5 ਸ਼ਰਤਾਂ ਵਿੱਚ ਤਬਦੀਲੀ ਕਰ ਦਿੱਤੀ ਜਾਵੇ ਪਰ ਜਦੋਂ ਐਕਸੀਅਨ ਅਤੇ ਡਿਪਟੀ ਕਮਿਸ਼ਨਰ ਵਲੋਂ ਅਜਿਹਾ ਕਰਨ ਤੋਂ ਅਸਮਰੱਥਾ ਜ਼ਾਹਿਰ ਕੀਤੀ ਗਈ ਤਾਂ ਜਥੇਬੰਦੀ ਦੇ ਮੈਂਬਰਾਂ ਨੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਮੀਟਿੰਗ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿੱਚ ਇਕੱਤਰ ਹੋਏ ਸਟੋਨ ਕਰੱਸ਼ਰ ਮਾਲਕਾਂ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਉਹ ਪੰਜਾਬ ਸਰਕਾਰ ਦੀਆਂ 30 ਵਿੱਚੋਂ 25 ਸ਼ਰਤਾਂ ਮੰਨਣ ਲਈ ਤਿਆਰ ਹਨ ਤੇ ਉਹ ਸਿਰਫ 5 ਸ਼ਰਤਾਂ ਵਿੱਚ ਸੋਧ ਕਰਨ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਵੱਲੋਂ ਆਪਣਾ ਫੈਸਲਾ ਉਨ੍ਹਾਂ ’ਤੇ ਜਬਰਦਸਤੀ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਖਣਨ ਪਾਲਸੀ ਲਾਗੂ ਕਰਨ ਤੋਂ ਪਹਿਲਾਂ ਕਰੱਸ਼ਰ ਇੰਡਸਟਰੀ ਦੇ ਧੰਦੇ ਨਾਲ ਜੁੜੇ ਲੋਕਾਂ ਦੀ ਰਾਇ ਲੈਣ ਦੀ ਬਜਾਏ ਅਫਸਰਾਂ ਦੀ ਸਲਾਹ ਨਾਲ ਤਿਆਰ ਕੀਤੀ ਗਈ ਹੈ, ਜਿਸ ਕਾਰਨ ਇਹ ਪਾਲਸੀ ਆਮ ਜਨਤਾ ਤੇ ਕਰੱਸ਼ਰ ਮਾਲਕਾਂ ਲਈ ਫਾਇਦੇਮੰਦ ਹੋਣ ਦੀ ਥਾਂ ਨੁਕਸਾਨਦੇਹ ਸਾਬਿਤ ਹੁੰਦੀ ਪ੍ਰਤੀਤ ਹੋ ਰਹੀ ਹੈ।