ਜਸਵੰਤ ਜੱਸ
ਫ਼ਰੀਦਕੋਟ, 5 ਅਗਸਤ
ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਹਾਕੀ ਟੀਮ ਦੇ ਡਰੈੱਗ ਫਲਿੱਕਰ ਰੁਪਿੰਦਰ ਪਾਲ ਸਿੰਘ ਨੂੰ ਫ਼ਰੀਦਕੋਟ ਅਤੇ ਉਸ ਦਾ ਪਰਿਵਾਰ ਬੇਸਬਰੀ ਨਾਲ ਉਡੀਕ ਰਹੇ ਹਨ। ਆਰਥਿਕ ਤੌਰ ’ਤੇ ਝੰਬੇ ਪਰਿਵਾਰ ਵਿੱਚ ਜੰਮਣ ਵਾਲੇ ਰੁਪਿੰਦਰਪਾਲ ਸਿੰਘ ਨੇ ਇਸ ਵਾਰ ਓਲੰਪਿਕ ਵਿੱਚ ਭਾਰਤ ਲਈ ਤਿੰਨ ਗੋਲ ਕੀਤੇ ਹਨ। ਰੁਪਿੰਦਰ ਪਾਲ ਦੀ ਮਾਂ ਸੁਖਵਿੰਦਰ ਕੌਰ ਅਤੇ ਪਿਤਾ ਹਰਿੰਦਰ ਸਿੰਘ ਨੇ ਕਿਹਾ ਕਿ ਉਹ ਭਾਰਤੀ ਟੀਮ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਹੁਣ ਉਹ ਹਾਕੀ ਟੀਮ ਦੇ ਪਰਤਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਰੁਪਿੰਦਰ ਪਾਲ ਦੇ ਛੋਟੇ ਭਰਾ ਅਮਰਬੀਰ ਸਿੰਘ ਨੇ ਕਿਹਾ ਕਿ 2010 ਵਿੱਚ ਰੁਪਿੰਦਰਪਾਲ ਭਾਰਤੀ ਹਾਕੀ ਟੀਮ ਦਾ ਮੈਂਬਰ ਬਣਿਆ ਸੀ ਅਤੇ ਹੁਣ ਤੱਕ ਉਹ 25 ਕੌਮਾਂਤਰੀ ਮੈਚ ਖੇਡ ਚੁੱਕਿਆ ਹੈ।
ਰੁਪਿੰਦਰ ਪਾਲ ਨੇ 2011 ਵਿੱਚ ਅਜਲਾਨ ਸ਼ਾਹ ਕੱਪ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਰੁਪਿੰਦਰ ਪਾਲ ਦੋ ਵਾਰ ਓਲੰਪਿਕ ਵਿੱਚ ਭਾਰਤ ਲਈ ਖੇਡਿਆ ਹੈ। ਰੁਪਿੰਦਰਪਾਲ ਸਿੰਘ ਨੇ ਛੇ ਸਾਲ ਦੀ ਉਮਰ ਵਿੱਚ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਰੁਪਿੰਦਰ ਪਾਲ ਦੇ ਪਿਤਾ ਅਤੇ ਭਰਾ ਅਮਰਬੀਰ ਸਿੰਘ ਵੀ ਹਾਕੀ ਖੇਡਣ ਦੇ ਸ਼ੌਕੀਨ ਸਨ ਪਰ ਆਰਥਿਕ ਹਾਲਤ ਮਾੜੀ ਹੋਣ ਕਾਰਨ ਉਹ ਆਪਣੀ ਖੇਡ ਜਾਰੀ ਨਹੀਂ ਰੱਖ ਸਕੇ। ਅੱਜ ਜਦੋਂ ਭਾਰਤ ਵੱਲੋਂ ਜਰਮਨੀ ਨੂੰ 5-4 ਦੇ ਫਰਕ ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਣ ਦੀ ਖਬਰ ਆਈ ਤਾਂ ਰੁਪਿੰਦਰਪਾਲ ਦੇ ਘਰ ਵਧਾਈ ਦੇਣ ਵਾਲੇ ਹਾਕੀ ਪ੍ਰੇਮੀਆਂ ਦਾ ਤਾਂਤਾ ਲੱਗ ਗਿਆ।