ਅਰੁਣ ਸ਼ਰਮਾ
ਰੋਪੜ, 4 ਜੁਲਾਈ
ਰੋਪੜ ਪੁਲੀਸ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਮੋਰਿੰਡਾ ਦੇ ਇੱਕ ਮਜ਼ਦੂਰ ਦੀ ਹੱਤਿਆ ਦੇ ਪੰਜ ਸਾਲ ਪੁਰਾਣੇ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ ਤਾਂ ਕਿ ਉੱਤਰ ਪ੍ਰਦੇਸ਼ ਪੁਲੀਸ ਦੇ ਉਸ ਨੂੰ ਆਪਣੇ ਸੂਬੇ ਵਿੱਚ ਲਿਜਾਣ ਦੇ ਕਦਮ ਨੂੰ ਰੋਕਿਆ ਜਾ ਸਕੇ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਾਅਵਾ ਕੀਤਾ ਹੈ ਕਿ ਰੋਪੜ ਜੇਲ੍ਹ ਪ੍ਰਸ਼ਾਸਨ ਮੈਡੀਕਲ ਕਾਰਨਾਂ ਦਾ ਹਵਾਲਾ ਦੇ ਕੇ ਅੰਸਾਰੀ ਨੂੰ ਯੂਪੀ ਪੁਲੀਸ ਦੀ ਹਿਰਾਸਤ ਵਿੱਚ ਭੇਜਣ ਤੋਂ 25 ਵਾਰ ਇਨਕਾਰ ਕਰ ਚੁੱਕਿਆ ਹੈ। ਪੁਲੀਸ ਨੇ ਦਾਅਵਾ ਕੀਤਾ ਸੀ ਕਿ ਮ੍ਰਿਤਕ ਮਜ਼ਦੂਰ ਪਵਨ ਗੁਪਤਾ ਦੀ ਭੈਣ ਦਿਵਿਆ ਦੇਵੀ ਦੇ 27 ਜੂਨ 2019 ਦੇ ਬਿਆਨਾਂ ਦੇ ਆਧਾਰ ’ਤੇ ਇਸ ਕੇਸ ਵਿੱਚ ਅੰਸਾਰੀ ਨੂੰ ਨਾਮਜ਼ਦ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਵਨ ਗੁਪਤਾ 2014 ਵਿੱਚ ਮੋਰਿੰਡਾ ਦੇ ਇੱਕ ਘਰ ਵਿੱਚ ਮ੍ਰਿਤਕ ਮਿਲਿਆ ਸੀ। ਇਸ ਦੌਰਾਨ ਉਸ ਨਾਲ ਇੱਕ ਅਣਪਛਾਤਾ ਮਜ਼ਦੂਰ ਵੀ ਠਹਿਰਿਆ ਹੋਇਆ ਸੀ, ਜੋ ਘਟਨਾ ਮਗਰੋਂ ਲਾਪਤਾ ਹੈ। ਦਿਲਚਸਪ ਗੱਲ ਇਹ ਹੈ ਕਿ ਵਿਦਿਆ ਦੇਵੀ ਨੇ 7 ਮਾਰਚ 2021 ਵਿੱਚ ‘ਦਿ ਟ੍ਰਿਬਿਊਨ’ ਨੂੰ ਦੱਸਿਆ ਸੀ ਕਿ ਉਹ ਅੰਸਾਰੀ ਬਾਰੇ ਕੁੱਝ ਨਹੀਂ ਜਾਣਦੀ। ਹਾਲਾਂਕਿ, ਅੱਜ ਵਿਦਿਆ ਰਾਣੀ ਨਾਲ ਸੰਪਰਕ ਨਹੀਂ ਹੋ ਸਕਿਆ, ਪਰ ਉਸ ਦੇ ਪੁੱਤਰ ਆਦੇਸ਼ ਨੇ ਮੁੜ ਦੁਹਰਾਇਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਯਕੀਨ ਹੈ ਕਿ ਅੰਸਾਰੀ ਦਾ ਉਸ ਦੇ ਮਾਮੇ ਦੀ ਹੱਤਿਆ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਉਨ੍ਹਾਂ ਕਿਹਾ ਕਿ ਲਗਪਗ ਛੇ ਮਹੀਨੇ ਪਹਿਲਾਂ ਪੁਲੀਸ ਦੁਬਾਰਾ ਉਨ੍ਹਾਂ ਦੇ ਘਰ ਆਈ ਸੀ ਅਤੇ ਉਸ ਦੀ ਮਾਤਾ ਦੇ ਕੁੱਝ ਕਾਗਜ਼ਾਂ ’ਤੇ ਦਸਤਖ਼ਤ ਵੀ ਕਰਵਾਏ ਗਏ। ਦਿਵਿਆ ਦੇਵੀ ਦੇ ਬਿਆਨ ਦੀ ਟ੍ਰਿਬਿਊਨ ਕੋਲ ਵੀਡੀਓ ਹੈ। ਇਸ ਵਿੱਚ ਉਹ ਕਹਿੰਦੀ ਨਜ਼ਰ ਆ ਰਹੀ ਹੈ, ‘‘ਮੇਰਾ ਭਰਾ ਮਜ਼ਦੂਰ ਸੀ ਅਤੇ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਸ ਨੇ ਦਾਅਵਾ ਕੀਤਾ ਕਿ ਉਹ ਨਾ ਤਾਂ ਅੰਸਾਰੀ ਨੂੰ ਜਾਣਦੀ ਹੈ ਅਤੇ ਨਾ ਹੀ ਉਸ ਨੇ ਪੁਲੀਸ ਕੋਲ ਅਜਿਹਾ ਕੋਈ ਬਿਆਨ ਦਿੱਤਾ ਹੈ।