ਗੁਰਬਖਸ਼ਪੁਰੀ
ਤਰਨ ਤਾਰਨ, 4 ਦਸੰਬਰ
ਦੋ ਹਥਿਆਰਬੰਦ ਲੁਟੇਰੇ ਅੱਜ ਇਥੇ ਜੰਡਿਆਲਾ ਰੋਡ ’ਤੇ ਪੈਂਦੇ ਐੱਚਡੀਐੱਫ਼ਸੀ ਬੈਂਕ ’ਚੋਂ 30.65 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਬੈਂਕ ਮੈਨੇਜਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਵਜੇ ਦੇ ਕਰੀਬ ਪੁਲੀਸ ਵਰਦੀ ਵਿੱਚ ਇਕ ਲੁਟੇਰਾ ਅੰਦਰ ਦਾਖ਼ਲ ਹੋਇਆ ਜਿਸ ਨੇ ਬੰਦੂਕ ਤਾਣ ਕੇ ਬੈਂਕ ਦੇ ਮੁਲਾਜ਼ਮਾਂ ਅਤੇ ਗਾਹਕਾਂ ਨੂੰ ਇਕ ਕੋਨੇ ਵਿੱਚ ਖੜ੍ਹੇ ਹੋ ਜਾਣ ਲਈ ਕਿਹਾ, ਜਦਕਿ ਉਸ ਦਾ ਦੂਸਰਾ ਸਾਥੀ ਬੈਂਕ ਦੇ ਬਾਹਰ ਮੋਟਰਸਾਈਕਲ ’ਤੇ ਖੜ੍ਹਾ ਰਿਹਾ। ਲੁਟੇਰੇ ਨੇ ਬੈਂਕ ਦੇ ਕੈਸ਼ ਕਾਊਂਟਰ ’ਚੋਂ ਸਾਰੀ ਰਾਸ਼ੀ ਆਪਣੇ ਕਿੱਟ ਬੈਗ ਵਿੱਚ ਪਾਈ ਅਤੇ ਫ਼ਰਾਰ ਹੋ ਗਏ। ਡੀਐੱਸਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਦੇ ਸੀਸੀਟੀਵੀ ਕੈਮਰਿਆਂ ਦੀ ਘੋਖ ਕੀਤੀ ਜਾ ਰਹੀ ਹੈ ਅਤੇ ਮੁੱਢਲੀ ਜਾਂਚ ਦੌਰਾਨ ਇਕ ਨਕਾਬਪੋਸ਼ ਲੁਟੇਰੇ ਦੀ ਤਸਵੀਰ ਸਪੱਸ਼ਟ ਤੌਰ ’ਤੇ ਸਾਹਮਣੇ ਆਈ ਹੈ ਜਿਸ ਤੋਂ ਪੁਲੀਸ ਨੂੰ ਜਾਂਚ ਵਿੱਚ ਕਾਫੀ ਮਦਦ ਮਿਲਣ ਦੀ ਸੰਭਾਵਨਾ ਹੈ।