ਪੱਤਰ ਪ੍ਰੇਰਕ
ਚੰਡੀਗੜ੍ਹ, 5 ਅਗਸਤ
ਪੀ.ਜੀ.ਆਈ. ਚੰਡੀਗੜ੍ਹ ਵੱਲੋਂ ‘ਆਯੂਸ਼ਮਾਨ ਭਾਰਤ’ ਯੋਜਨਾ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਮੁੜ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੀਜੀਆਈ ਦੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਤੇ ਅਧਿਕਾਰਤ ਬੁਲਾਰੇ ਕੁਮਾਰ ਗੌਰਵ ਧਵਨ ਨੇ ਦੱਸਿਆ ਕਿ ਇਹ ਫ਼ੈਸਲਾ ਪ੍ਰਧਾਨ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਦੇ ਦਫ਼ਤਰਾਂ ਤੋਂ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰਨ ਦੇ ਨਿਰਦੇਸ਼ਾਂ ’ਤੇ ਲਿਆ ਗਿਆ ਹੈ ਤਾਂ ਕਿ ਮਰੀਜ਼ਾਂ ਨੂੰ ਇਲਾਜ ਵਿੱਚ ਕੋਈ ਸਮੱਸਿਆ ਨਾ ਆ ਸਕੇ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਦੇ ਸਿਹਤ ਸਕੱਤਰ ਵੱਲੋਂ ਵੀ ਇੱਕ ਪੱਤਰ ਪੀਜੀਆਈ ਪ੍ਰਸ਼ਾਸਨ ਨੂੰ ਭੇਜਿਆ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਸਾਰੇ ਬਕਾਏ ਦਾ ਭੁਗਤਾਨ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲ ਇਸ ਸਕੀਮ ਤਹਿਤ ਪੀਜੀਆਈ ਪ੍ਰਸ਼ਾਸਨ ਦੇ 15 ਕਰੋੜ ਰੁਪਏ ਬਕਾਇਆ ਹਨ ਜਿਸ ਦਾ ਭੁਗਤਾਨ ਨਾ ਕੀਤੇ ਜਾਣ ਬਾਰੇ ਪੀਜੀਆਈ ਵੱਲੋਂ ਰਾਜ ਸਿਹਤ ਅਥਾਰਿਟੀ ਪੰਜਾਬ ਅਤੇ ਰਾਸ਼ਟਰੀ ਸਿਹਤ ਅਥਾਰਿਟੀ ਨੂੰ ਪਹਿਲੀ ਅਪਰੈਲ, 13 ਮਈ ਅਤੇ 7 ਜੂਨ ਨੂੰ ਵਾਰ-ਵਾਰ ਲਿਖਤੀ ਰੂਪ ਵਿੱਚ ਭੇਜ ਕੇ ਸੂਚਿਤ ਵੀ ਕੀਤਾ ਜਾ ਚੁੱਕਾ ਹੈ।