ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਅਪਰੈਲ
ਪਾਕਿਸਤਾਨ ਤੋਂ ਪਰਤੇ ਸ਼ਰਧਾਲੂਆਂ ਅਤੇ ਸਿਹਤ ਅਮਲੇ ਵਿਚਾਲੇ ਅਟਾਰੀ ਸਰਹੱਦ ’ਤੇ ਕਰੋਨਾ ਟੈਸਟਾਂ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਕਰੋਨਾ ਪਾਜ਼ੇਟਿਵ ਯਾਤਰੂਆਂ ਸਬੰਧੀ ਰਿਕਾਰਡ ਨੁਕਸਾਨਿਆ ਗਿਆ। ਸਿਹਤ ਵਿਭਾਗ ਕੋਲ ਇਸ ਸਮੇਂ ਸਿਰਫ 94 ਯਾਤਰੂਆਂ ਦੇ ਕਰੋਨਾ ਪਾਜ਼ੇਟਿਵ ਹੋਣ ਦਾ ਰਿਕਾਰਡ ਬਚਿਆ ਹੈ।
ਪਾਕਿਸਤਾਨ ਤੋਂ ਪਰਤੇ 818 ਸ਼ਰਧਾਲੂਆਂ ਦੇ ਵੀਰਵਾਰ ਨੂੰ ਅਟਾਰੀ ਸਰਹੱਦ ’ਤੇ ਵਾਪਸੀ ਵੇਲੇ ਕਰੋਨਾ ਟੈਸਟ ਕੀਤੇ ਗਏ ਸਨ ਅਤੇ ਦੇਰ ਰਾਤ ਸਿਹਤ ਵਿਭਾਗ ਵਲੋਂ 200 ਤੋਂ ਵੱਧ ਸ਼ਰਧਾਲੂਆਂ ਦੇ ਕਰੋਨਾ ਪਾਜ਼ੇਟਿਵ ਹੋਣ ਦਾ ਦਾਅਵਾ ਕੀਤਾ ਗਿਆ ਸੀ। ਪਰ ਅੱਜ ਸਿਹਤ ਵਿਭਾਗ ਕੋਲ ਸਿਰਫ 94 ਕਰੋਨਾ ਮਰੀਜ਼ ਸ਼ਰਧਾਲੂਆਂ ਦੇ ਹੀ ਵੇਰਵੇ ਹਨ। ਇਨ੍ਹਾਂ 94 ਕਰੋਨਾ ਪਾਜ਼ੇਟਿਵ ਸ਼ਰਧਾਲੂਆਂ ਬਾਰੇ ਜਾਣਕਾਰੀ ਸਿਹਤ ਵਿਭਾਗ ਵੱਲੋਂ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 17 ਅੰਮ੍ਰਿਤਸਰ, 16 ਤਰਨ ਤਾਰਨ ਤੇ ਬਾਕੀ ਪੰਜਾਬ ਦੇ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਜ਼ਿਲ੍ਹਾ ਸਿਹਤ ਵਿਭਾਗ ਦੇ ਸਹਾਇਕ ਸਿਵਲ ਸਰਜਨ ਡਾ ਅਮਰਜੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਕੋਲ ਇਸ ਵੇਲੇ ਸਿਰਫ 94 ਕਰੋਨਾ ਪਾਜ਼ੇਟਿਵ ਸ਼ਰਧਾਲੂਆਂ ਬਾਰੇ ਹੀ ਵੇਰਵੇ ਹਨ। ਉਨ੍ਹਾਂ ਦੱਸਿਆ ਕਿ ਉਥੇ ਹੋਏ ਤਕਰਾਰ ਤੇ ਝਗੜੇ ਤੋਂ ਬਾਅਦ ਇਸ ਸਬੰਧੀ ਰਿਕਾਰਡ ਨਹੀਂ ਮਿਲਿਆ ਹੈ।
ਇਸੇ ਦੌਰਾਨ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਅਗਵਾਈ ਕਰ ਰਹੇ ਹਰਪਾਲ ਸਿੰਘ ਜੱਲਾ ਨੇ ਆਖਿਆ ਕਿ ਸਾਰੇ ਸ਼ਰਧਾਲੂ ਸਿਹਤਯਾਬ ਹਨ ਤੇ ਕਿਸੇ ਵਿਚ ਵੀ ਕਰੋਨਾ ਸਬੰਧੀ ਕੋਈ ਲੱਛਣ ਨਹੀਂ ਸੀ। ਹੈਰਾਨੀ ਦੀ ਗੱਲ ਹੈ ਕਿ ਸਰਹੱਦ ਪਾਰ ਕਰਨ ਮਗਰੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੂੰ ਕਰੋਨਾ ਪਾਜ਼ੇਟਿਵ ਕਰਾਰ ਦੇ ਦਿੱਤਾ ਹੈ।