ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਸਤੰਬਰ
ਸਾਬਕਾ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਜਬਰ-ਜਨਾਹ ਮਾਮਲੇ ਵਿੱਚ ਜ਼ਮਾਨਤ ਲਈ ਅਦਾਲਤ ’ਚ ਅਰਜ਼ੀ ਲਾਈ ਹੈ ਜਿਸ ’ਤੇ 9 ਸਤੰਬਰ ਨੂੰ ਸੁਣਵਾਈ ਹੋਵੇਗੀ। ਇਸ ਸਬੰਧ ਵਿੱਚ ਜੱਜ ਸ਼ਿਵ ਮੋਹਨ ਗਰਗ ਦੀ ਅਦਾਲਤ ਨੇ ਅਗਲੀ ਪੇਸ਼ੀ ’ਤੇ ਪੁਲੀਸ ਨੂੰ ਰਿਕਾਰਡ ਪੇਸ਼ ਕਰਨ ਨੂੰ ਕਿਹਾ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ 11 ਜੁਲਾਈ ਨੂੰ ਸਿਮਰਜੀਤ ਬੈਂਸ ਨੇ ਹੋਰ ਮੁਲਜ਼ਮਾਂ ਦੇ ਨਾਲ ਇੱਥੇ ਇੱਕ ਅਦਾਲਤ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ। ਉਹ ਹਫ਼ਤੇ ਤੋਂ ਵੱਧ ਸਮਾਂ ਪੁਲੀਸ ਹਿਰਾਸਤ ’ਚ ਰਹੇ ਜਿਸ ਮਗਰੋਂ ਉਨ੍ਹਾਂ ਨੂੰ ਜੇਲ੍ਹ ’ਚ ਭੇਜ ਦਿੱਤਾ ਗਿਆ ਸੀ। ਬੈਂਸ ਨੇ ਆਪਣੀ ਜ਼ਮਾਨਤ ਅਰਜ਼ੀ ’ਚ ਖੁਦ ਨੂੰ ਬੇਕਸੂਰ ਦੱਸਿਆ ਅਤੇ ਦਾਅਵਾ ਕੀਤਾ ਹੈ ਕਿ ਇਹ ਵਿਰੋਧੀਆਂ ਦੀ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਹੈ। ਉਨ੍ਹਾਂ ਨੇ ਇਹ ਕਿਹਾ ਕਿ ਪੁਲੀਸ ਰਿਮਾਂਡ ਦੌਰਾਨ ਉਨ੍ਹਾਂ ਕੋਲੋਂ ਕੋਈ ਪਾਬੰਦੀਸ਼ੁਦਾ ਵਸਤੂ ਬਰਾਮਦ ਨਹੀਂ ਹੋਈ ਅਤੇ ਦਾਅਵਾ ਕੀਤਾ ਹੈ ਕਿ ਔਰਤ ਨੇ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਬਿਆਨ ਦਿੱਤੇ, ਜੋ ਕਿ ਉਸ ਦੀ ਕਹਾਣੀ ਨੂੰ ਗਲਤ ਸਾਬਤ ਕਰਦੇ ਹਨ।