ਪਾਲ ਸਿੰਘ ਨੌਲੀ
ਜਲੰਧਰ, 6 ਨਵੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਜ਼ੁਕਾਮ ਹੋਣ ਕਾਰਨ ਉਹ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਨਹੀਂ ਹੋ ਸਕੇ। ਵਿਦੇਸ਼ਾਂ ਦੇ ਬੈਂਕ ਖਾਤਿਆਂ, ਬ੍ਰਿਟਿਸ਼ ਆਈਸਲੈਂਡ ਅਤੇ ਜਕਾਰਤਾ ਟਰੱਸਟ ਅਤੇ ਵਿਦੇਸ਼ਾਂ ਵਿੱਚ ਕੰਪਨੀਆਂ ’ਚ ਭਾਈਵਾਲ ਹੋਣ ਦੇ ਸਬੰਧ ਵਿਚ ਉਨ੍ਹਾਂ ਉੱਪਰ ਫੇਮਾ ਦੀ ਉਲੰਘਣਾ ਦਾ ਕੇਸ ਚੱਲ ਰਿਹਾ ਹੈ। ਉਨ੍ਹਾਂ ਦੇ ਵਕੀਲ ਜੈਵੀਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਰਣਇੰਦਰ ਸਿੰਘ ਦੀ ਸਿਹਤ ਠੀਕ ਨਾ ਹੋਣ ਕਾਰਨ ਆ ਨਹੀਂ ਸੀ ਸਕਦੇ। ਰਣਇੰਦਰ ਦੇ ਕੋਵਿਡ ਟੈਸਟ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।