ਜੋਗਿੰਦਰ ਸਿੰਘ ਮਾਨ
ਮਾਨਸਾ, 7 ਅਗਸਤ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਆ ਰਹੇ ਰੱਖੜੀ ਦੇ ਤਿਉਹਾਰ ਮੌਕੇ ਬਾਜ਼ਾਰ ਵਿੱਚ ਗਾਇਕ ਦੀ ਤਸਵੀਰ ਵਾਲੀਆਂ ਰੱਖੜੀਆਂ ਵਿਕਣ ਲੱਗੀਆਂ ਹਨ। ਲੋਕ ਜਿੱਥੇ ਸਿੱਧੂ ਮੂਸੇਵਾਲਾ ਦੇ ਟੈਟੂ ਬਣਵਾ ਰਹੇ ਹਨ ਅਤੇ ਉਸ ਦੀਆਂ ਫੋਟੋ ਵਾਲੀਆਂ ਟੀ-ਸ਼ਰਟਾਂ, ਝੰਡੇ, ਬੈਨਰ, ਫਲੈਕਸ ਛਪਵਾ ਰਹੇ ਸਨ, ਉੱਥੇ ਹੁਣ ਲੜਕੀਆਂ ਰੱਖੜੀ ਦੇ ਤਿਉਹਾਰ ਮੌਕੇ ਭਰਾਵਾਂ ਦੇ ਗੁੱਟ ’ਤੇ ਬੰਨ੍ਹਣ ਲਈ ਸਿੱਧੂ ਦੀ ਤਸਵੀਰ ਵਾਲੀਆਂ ਰੱਖੜੀਆਂ ਖ਼ਰੀਦ ਰਹੀਆਂ ਹਨ।
ਦੁਕਾਨਾਂ ’ਤੇ ਭਾਵੇਂ ਵੱਖ-ਵੱਖ ਤਰ੍ਹਾਂ ਦੀਆਂ ਰੱਖੜੀਆਂ ਉਪਲੱਬਧ ਹਨ ਪਰ ਔਰਤਾਂ, ਲੜਕੀਆਂ ਅਤੇ ਬੱਚੇ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਜ਼ਿਆਦਾ ਖ਼ਰੀਦ ਰਹੇ ਹਨ। ਰੱਖੜੀਆਂ ਖ਼ਰੀਦ ਰਹੀਆਂ ਔਰਤਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਖ਼ਰੀਦ ਕੇ ਹਰ ਕੋਈ ਉਸ ਨੂੰ ਆਪਣੇ ਤਰੀਕੇ ਨਾਲ ਸ਼ਰਧਾਂਜਲੀ ਦੇ ਰਿਹਾ ਹੈ। ਇਸ ਸਬੰਧੀ ਦੁਕਾਨਦਾਰ ਰਾਮ ਕੁਮਾਰ ਨੇ ਕਿਹਾ ਕਿ ਇਸ ਵਾਰ ਬਾਜ਼ਾਰ ਵਿੱਚ ਆ ਰਹੇ ਗਾਹਕ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਹੀ ਮੰਗ ਰਹੇ ਹਨ।
ਰੱਖੜੀ ਖ਼ਰੀਦ ਰਹੀਆਂ ਨਰਿੰਦਰ ਕੌਰ ਮੀਆਂ, ਸਿਮਰਜੀਤ ਕੌਰ ਉੱਪਲ ਤੇ ਕੰਵਲਦੀਪ ਕੌਰ ਚਾਹਲ ਨੇ ਕਿਹਾ ਕਿ ਸਿੱਧੂ ਦੀ ਮੌਤ ’ਤੇ ਸਭ ਦੁਖੀ ਹਨ। ਬਾਜ਼ਾਰ ਵਿੱਚ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀਆਂ ਰੱਖੜੀਆਂ ਵਿਕਣ ਨਾਲ ਮਨ ਨੂੰ ਕੁਝ ਸਕੂਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਰੱਖੜੀਆਂ ਉਹ ਆਪਣੇ ਭਰਾਵਾਂ ਸਣੇ ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਬੰਨ੍ਹਣਗੀਆਂ। ਇਸੇ ਦੌਰਾਨ ਕਾਜਲ ਰਾਣੀ, ਰਾਜਵਿੰਦਰ ਕੌਰ, ਗਗਨਦੀਪ ਕੌਰ ਅਤੇ ਸੁਖਜੀਤ ਕੌਰ ਨੇ ਕਿਹਾ ਕਿ ਸਿੱਧੂ ਦੀ ਫੋਟੋ ਵਾਲੀ ਰੱਖੜੀ ਨਾਲ ਉਸ ਦੀ ਯਾਦ ਸਦਾ ਤਾਜ਼ਾ ਰਹੇਗੀ।