ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 12 ਮਾਰਚ
ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਤਾਜ਼ਾ ਬਰਫਬਾਰੀ ਦਾ ਅਸਰ ਪੰਜਾਬ ਵਿੱਚ ਹੋਇਆ ਹੈ ਤੇ ਇਥੇ ਕਈ ਥਾਵਾਂ ’ਤੇ ਮੀਂਹ ਕਾਰਨ ਕਣਕ ਵਿਛ ਗਈ ਹੈ। ਕਸ਼ਮੀਰ ਦੇ ਗੁਲਮਰਗ ਤੇ ਕੇਰਨ ਸਣੇ ਕਈ ਥਾਵਾਂ ’ਤੇ ਬਰਫ਼ਬਾਰੀ ਹੋਈ। ਇਸ ਦਾ ਅਸਰ ਮੈਦਾਨੀ ਇਲਾਕਿਆਂ ਖਾਸ ਤੌਰ ’ਤੇ ਪੰਜਾਬ ਵਿੱਚ ਹੋਇਆ ਹੈ। ਮੀਂਹ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ ਹੋਇਆ ਹੈ।
ਟੱਲੇਵਾਲ(ਲਖਵੀਰ ਸਿੰਘ ਚੀਮਾ): ਬੀਤੀ ਰਾਤ ਹਲਕੇ ਮੀਂਹ ਅਤੇ ਹਨੇਰੀ ਕਾਰਨ ਕਣਕ ਦੀ ਫ਼ਸਲ ਨੂੰ ਵੱਡਾ ਨੁਕਸਾਨ ਹੋਇਆ ਹੈ। ਕਣਕ ਦੀ ਫ਼ਸਲ ਧਰਤੀ ’ਤੇ ਵਿਛ ਗਈ ਹੈ। ਬਰਨਾਲਾ ਜ਼ਿਲ੍ਹੇ ਵਿੱਚ ਲਗਾਤਾਰ ਦੋ ਦਿਨਾਂ ਤੋਂ ਬੱਦਲਵਾਈ ਨੇ ਅਜੇ ਵੀ ਕਿਸਾਨਾਂ ਦੀ ਚਿੰਤਾ ਵਧਾ ਰੱਖੀ ਹੈ। ਪਿੰਡ ਚੀਮਾ ਦੇ ਕਿਸਾਨ ਹਰਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਠੇਕੇ ’ਤੇ ਜ਼ਮੀਨ ਲੈ ਕੇ 10 ਏਕੜ ’ਚ ਕਣਕ ਬੀਜੀ ਹੈ ਪਰ ਰਾਤ ਸਮੇਂ ਤੇਜ਼ ਹਵਾ ਅਤੇ ਮੀਂਹ ਕਾਰਨ ਕਣਕ ਦੀ ਫ਼ਸਲ ਡਿੱਗ ਗਈ ਹੈ, ਜਿਸ ਕਰਕੇ ਇਸ ਦਾ ਅਸਰ ਫ਼ਸਲ ਦੇ ਝਾੜ ਅਤੇ ਤੂੜੀ ਵੀ ਘੱਟ ਨਿਕਲੇਗੀ। ਕਿਸਾਨ ਮਲਕੀਤ ਸਿੰਘ ਨੇ ਕਿਹਾ ਕਿ ਤੇਜ਼ ਹਨੇਰੀ ਨਾਲ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ।