ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਅਪਰੈਲ
ਕੋਲਕਾਤਾ ਵੱਸਦੇ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਦੀ ਜੀਵਨ ਸਾਥਣ ਲੇਖਿਕਾ ਦੀਪ ਮੋਹਿਨੀ ਦਾ ਅੱਜ ਦੁਪਹਿਰ ਕੋਲਕਾਤਾ ਵਿੱਚ ਦੇਹਾਂਤ ਹੋ ਗਿਆ ਹੈ। ਉਹ ਲਗਪਗ 85 ਵਰ੍ਹਿਆਂ ਦੇ ਸਨ। ਉਨ੍ਹਾਂ ਦੀਆਂ ਦੋ ਰਚਨਾਵਾਂ ਵਿੱਚੋਂ ਦੇਸ਼ ਵੰਡ ਬਾਰੇ ਨਾਵਲ ‘ਧੁੰਦ ਵਿੱਚ ਇੱਕ ਸਵੇਰ ਅਤੇ ਕਹਾਣੀ ਸੰਗ੍ਰਹਿ ਦੋ ਰਾਤਾਂ ਦਾ ਫ਼ਾਸਲਾ’ ਬਹੁਤ ਮਹੱਤਵਪੂਰਨ ਸਨ। ‘ਧੁੰਦ ਵਿੱਚ ਇੱਕ ਸਵੇਰ’ ਜਦ ਮਾਸਿਕ ਪੱਤਰ ਦ੍ਰਿਸ਼ਟੀ ’ਚ ਪਿਛਲੀ ਸਦੀ ਦੇ ਸੱਤਵੇਂ ਦਹਾਕੇ ਦੌਰਾਨ ਛਪਿਆ ਤਾਂ ਵਿਸ਼ਾਲ ਪਾਠਕ ਵਰਗ ਨੇ ਚੰਗਾ ਸਲਾਹਿਆ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬੰਬ (ਨੇੜੇ ਧਿਆਨਪੁਰ) ਦੇ ਜੱਦੀ ਵਸਨੀਕ ਪਿਆਰਾ ਸਿੰਘ ਰੰਧਾਵਾ ਦੇ ਘਰ ਉਨ੍ਹਾਂ ਦਾ ਜਨਮ ਹੋਇਆ, ਜੋ ਉਸ ਸਮੇਂ ਸਿੰਧ ਵਿੱਚ ਰੁਜ਼ਗਾਰ ਕਮਾਉਂਦੇ ਸਨ। ਦੇਸ਼ ਵੰਡ ਤੋਂ ਬਾਅਦ ਉਹ ਪ੍ਰੀਤ ਨਗਰ ਵਿਚ ਆ ਗਏ ਜਿੱਥੇ ਉਹ ਪ੍ਰੀਤ ਨਗਰ ਐਕਟੀਵਿਟੀ ਸਕੂਲ ’ਚ ਪੜ੍ਹਾਉਣ ਲੱਗੇ। ਪ੍ਰੀਤਲੜੀ ਵਿੱਚ ਵੀ ਅਕਸਰ ਲਿਖਦੇ। ਦੀਪ ਮੋਹਿਨੀ ਵੀ ਇਸੇ ਸਕੂਲ ’ਚ ਪੜ੍ਹਦੇ ਰਹੇ। ਪ੍ਰੀਤ ਨਗਰ ਵੱਸਦੇ ਲੇਖਕਾਂ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਨਾਨਕ ਸਿੰਘ ਤੇ ਪਿਆਰਾ ਸਿੰਘ ਸਹਿਰਾਈ ਦਾ ਉਨ੍ਹਾਂ ਦੇ ਵਿਚਾਰਾਂ ’ਤੇ ਚੰਗਾ ਅਸਰ ਪਿਆ, ਜਿਸ ਕਾਰਨ ਉਹ ਸਾਹਿਤ ਸਿਰਜਣਾ ਦੇ ਮਾਰਗ ’ਤੇ ਤੁਰੇ। ਸ੍ਰੀਮਤੀ ਦੀਪ ਮੋਹਿਨੀ ਦਾ ਅੱਜ ਕੋਲਕਾਤਾ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਮੋਹਨ ਕਾਹਲੋਂ ਤੇ ਉਨ੍ਹਾਂ ਦੇ ਪੁੱਤਰ ਰਾਜਪਾਲ ਸਿੰਘ ਕਾਹਲੋਂ ਨੇ ਦਿੱਤੀ ਹੈ। ਇਸ ਮੌਕੇ ਕੋਲਕਾਤਾ ਵੱਸਦੇ ਪੰਜਾਬੀ ਲੇਖਕਾਂ ਜਗਮੋਹਨ ਸਿੰਘ ਗਿੱਲ, ਹਰਦੇਵ ਸਿੰਘ ਗਰੇਵਾਲ, ਗੁਰਦੀਪ ਸਿੰਘ ਸੰਘਾ, ਰਵੇਲ ਪੁਸ਼ਪ, ਭੁਪਿੰਦਰ ਬਸ਼ਰ, ਦੇਵਿੰਦਰ ਕੌਰ, ਰਾਜਪਾਲ ਸਿੰਘ ਹਾਂਸ ਤੇ ਰਵਿੰਦਰ ਕੌਰ (ਗੁੱਡੀ ਥਿੰਦ) ਸਮੇਤ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਪ੍ਰੋ. ਗੁਰਭਜਨ ਗਿੱਲ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਧਨੋਆ ਤੇ ਤ੍ਰੈਲੋਚਨ ਲੋਚੀ ਨੇ ਦੀਪ ਮੋਹਿਨੀ ਦੇ ਵਿਛੋੜੇ ਨੂੰ ਵੱਡਾ ਘਾਟਾ ਕਰਾਰ ਦਿੱਤਾ ਹੈ।