ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੁਲਾਈ
ਪੰਜਾਬ ਪੁਲੀਸ ਦੇ ਸਾਈਬਰ ਕਰਾਈਮ ਸੈੱਲ ਨੇ ਇੱਕ ਅੰਤਰਰਾਸ਼ਟਰੀ ਸਾਈਬਰ ਲੁਟੇਰਾ ਗਰੋਹ ਦਾ ਪਰਦਾਫਾਸ਼ ਕਰਦਿਆਂ ਦਿੱਲੀ ਤੋਂ ਦੋ ਨਾਇਜੀਰੀਅਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਧੱਦੇ ਵਿੱਚ ਸ਼ਾਮਲ ਵਿਅਕਤੀ ਵਟਸਐਪ ਪ੍ਰੋਫਾਈਲਾਂ ’ਤੇ ਵੀਵੀਆਈਪੀਜ਼ ਦੀਆਂ ਡੀਪੀਜ਼ ਲਾ ਕੇ ਅਤੇ ਉਨ੍ਹਾਂ ਦਾ ਨਾਂ ਵਰਤ ਕੇ ਸਰਕਾਰੀ ਅਧਿਕਾਰੀਆਂ ਤੇ ਆਮ ਲੋਕਾਂ ਨੂੰ ਠੱਗਦੇ ਸਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਇਨ੍ਹਾਂ ਜਾਅਲਸਾਜ਼ਾਂ ਨੇ ਪੰਜਾਬ ਦੇ ਮੰਤਰੀਆਂ, ਡੀਜੀਪੀ, ਮੁੱਖ ਸਕੱਤਰ ਤੇ ਹੋਰ ਆਈਏਐੱਸ, ਆਈਪੀਐੱਸ ਅਫਸਰਾਂ ਦਾ ਨਾਂ ਵਰਤ ਕੇ ਬਹੁਤ ਸਾਰੇ ਲੋਕਾਂ ਨੂੰ ਠੱਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਨੀਓਕ ਹਾਈਗਿਨਸ ਓਕਵੁਡੀਲੀ ਉਰਫ ਪੋਕਾ ਅਤੇ ਫਰੈਂਕਲਿਨ ਉਰਫ ਵਿਲੀਅਮ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਨਾਇਜੀਰੀਆ ਦੇ ਲਾਗੋਸ ਦੇ ਰਹਿਣ ਵਾਲੇ ਹਨ ਅਤੇ ਇਸ ਵੇਲੇ ਦਿੱਲੀ ਵਿੱਚ ਰਹਿ ਰਹੇ ਸਨ।
ਪੁਲੀਸ ਨੇ ਕੇਨਰਾ ਬੈਂਕ ਦਾ ਇੱਕ ਡੈਬਿਟ ਕਾਰਡ, ਵੱਖ-ਵੱਖ ਗੈਜਿਟ, ਮੋਬਾਈਲ ਫੋਨ, ਲੈਪਟਾਪ, ਕੀਮਤੀ ਘੜੀਆਂ ਅਤੇ ਪਾਸਪੋਰਟ ਵੀ ਬਰਾਮਦ ਕੀਤੇ ਹਨ। ਸਾਈਬਰ ਕਰਾਈਮ ਦੇ ਆਈਜੀ ਆਰਕੇ ਜੈਸਵਾਲ ਨੇ ਕਿਹਾ ਕਿ ਪੁਲੀਸ ਟੀਮਾਂ ਨੇ ਦਿੱਲੀ ਪੁਲੀਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਦੋਸ਼ੀ ਅਨੀਓਕ ਉਰਫ ਪੋਕਾ ਨੂੰ ਉਸ ਸਮੇਂ ਰੰਗੇ ਹੱਥੀਂ ਕਾਬੂ ਕੀਤਾ, ਜਦੋਂ ਉਹ ਨਵੀਂ ਦਿੱਲੀ ਦੇ ਵਿਕਾਸ ਪੁਰੀ ਨੇੜੇ ਸਥਿੱਤ ਏਟੀਐੱਮ ਤੋਂ ਪੈਸੇ ਕਢਵਾ ਰਿਹਾ ਸੀ। ਪੁੱਛ-ਪੜਤਾਲ ਦੌਰਾਨ ਮੁਲਜ਼ਮ ਅਨੀਓਕੇ ਉਰਫ ਪੋਕਾ ਨੇ ਦੱਸਿਆ ਕਿ ਵਟਸਐਪ ਖਾਤੇ ਨਾਈਜੀਰੀਆ ਤੋਂ ਹੈਕ ਕੀਤੇ ਗਏ ਸਨ ਅਤੇ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਖੋਲ੍ਹੇ ਗਏ ਬੈਂਕ ਖਾਤਿਆਂ ਦੇ ਏਟੀਐੱਮ ਕਾਰਡਾਂ ਤੋਂ ਪੈਸੇ ਕਢਵਾਉਂਦਾ ਸੀ ਅਤੇ ਫਿਰ ਉਹ ਪੈਸੇ ਆਪਣੇ ਸਰਗਨੇ ਫਰੈਂਕਲਿਨ ਉਰਫ ਵਿਲੀਅਮ ਨੂੰ ਸੌਂਪਦਾ ਸੀ, ਜੋ ਅੱਗੇ ਨਾਇਜੀਰੀਆ ਨੂੰ ਪੈਸੇ ਟਰਾਂਸਫਰ ਕਰਦਾ ਸੀ। ਉਨ੍ਹਾਂ ਦੱਸਿਆ ਕਿ ਲੰਮੀ ਜੱਦੋ-ਜਹਿਦ ਪਿੱਛੋਂ ਪੁਲੀਸ ਟੀਮਾਂ ਨੇ ਫਰੈਂਕਲਿਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਸਟੇਟ ਸਾਈਬਰ ਕ੍ਰਾਈਮ ਸੈੱਲ ਦੀ ਟੀਮ ਨੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਅਸਾਮ, ਬਿਹਾਰ, ਐੱਮਪੀ, ਉੱਤਰਾਖੰਡ, ਯੂਪੀ, ਜੀਂਦ ਅਤੇ ਅਲਵਰ ਸਮੇਤ ਕਈ ਸੂਬਿਆਂ ਵਿੱਚ ਛਾਪੇ ਮਾਰੇ ਹਨ। ਡੀਆਈਜੀ ਸਾਈਬਰ ਕ੍ਰਾਈਮ ਨੀਲਾਂਬਰੀ ਜਗਦਲੇ ਨੇ ਕਿਹਾ ਕਿ ਲਗਪੱਗ 108 ਜੀਬੀ ਡਾਟਾ ਦੀ ਰਿਕਵਰੀ ਦੇ ਨਾਲ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਨੇ ਹਰ ਰੋਜ਼ ਲੱਖਾਂ ਰੁਪਏ ਦੇ ਵੱਡੇ ਵਿੱਤੀ ਲੈਣ-ਦੇਣ ਸਬੰਧੀ ਜਾਣਕਾਰੀ ਸਾਹਮਣੇ ਲਿਆਂਦੀ ਹੈ।