ਐੱਨ.ਪੀ. ਧਵਨ
ਪਠਾਨਕੋਟ, 31 ਜਨਵਰੀ
ਕੇਂਦਰੀ ਜਲ ਸ਼ਕਤੀ ਮੰਤਰੀ ਤੇ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਇੱਥੇ ‘ਸੰਵਾਦ ਸਮਾਗਮ’ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਮੁਫਤ ਦੇ ਐਲਾਨ ਅਤੇ ਲੋਕ-ਲੁਭਾਉਣੇ ਵਾਅਦੇ ਕਰ ਕੇ ਪੰਜਾਬ ਨੂੰ ਹੋਰ ਬਰਬਾਦ ਕਰਨ ’ਤੇ ਤੁਲੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਤੋਂ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਨੂੰ ਕਰਜ਼ੇ ਵਿੱਚ ਡੁਬੋ ਦਿੱਤਾ ਹੈ। ਭਾਜਪਾ ਨੇ ਅਕਾਲੀ ਦਲ ਨਾਲ ਸਮਝੌਤਾ ਕੀਤਾ ਸੀ ਤਾਂ ਉਦੋਂ ਵੀ ਭਾਜਪਾ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨਾਲੋਂ ਵੱਡੀ ਪਾਰਟੀ ਸੀ। ਸਮੇਂ ਅਤੇ ਹਾਲਾਤ ਨੂੰ ਦੇਖਦੇ ਹੋਏ ਉਨ੍ਹਾਂ ਸਮਝੌਤਾ ਕਰ ਲਿਆ ਸੀ ਪਰ ਇੱਥੋਂ ਦੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਦੀ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਇਨ੍ਹਾਂ ਮਾੜੇ ਹਾਲਾਤ ’ਚੋਂ ਕੱਢਣ ਲਈ ਭਾਜਪਾ ਦੇ ਡਬਲ ਇੰਜਣ ਵਾਲੀ ਸਰਕਾਰ ਦੀ ਲੋੜ ਹੈ। ਲੋਕ ਜਾਣਦੇ ਹਨ ਕਿ ਭਾਜਪਾ ਹੀ ਇੱਕੋ-ਇੱਕ ਸਿਆਸੀ ਪਾਰਟੀ ਹੈ, ਜੋ ਪੰਜਾਬ ਦੀ ਗੁਆਚੀ ਸ਼ਾਨ ਵਾਪਸ ਲਿਆ ਸਕਦੀ ਹੈ। ਪੰਜਾਬ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਇਸ ਦੇ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ। ਇਨ੍ਹਾਂ ਦੇ ਦਮ ’ਤੇ ਇਸ ਵਾਰ ਪਾਰਟੀ ਪੰਜਾਬ ’ਚ ਜਿੱਤ ਦਾ ਝੰਡਾ ਲਹਿਰਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਭਾਜਪਾ ਵੱਲੋਂ ਵਿਕਾਸ ਦਾ ਰੋਡ ਮੈਪ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਲਾਗੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਸ਼ਵਨੀ ਸ਼ਰਮਾ ਨੇ ਇੱਥੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ।