ਪਾਲ ਸਿੰਘ ਨੌਲੀ
ਜਲੰਧਰ, 26 ਦਸੰਬਰ
ਕੇਂਦਰੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਚੋਣ ਇੰਜਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਇੱਥੇ ਲਾਜਪਤ ਨਗਰ ਵਿੱਚ ਪਾਰਟੀ ਦਾ ਸੂਬਾਈ ਦਫ਼ਤਰ ਦਾ ਉਦਘਾਟਨ ਕੀਤਾ। ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਦਲਾਂ ਤੇ ਕਾਂਗਰਸ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਦਿੱਲੀ ’ਚ ਬੈਠੇ ਗਾਂਧੀ ਪਰਿਵਾਰ ਅਤੇ ਪੰਜਾਬ ਵਿਚ ਬੈਠੇ ਬਾਦਲ ਪਰਿਵਾਰ ਦੀਆਂ ਆਪਹੁਦਰੀਆਂ ਨੀਤੀਆਂ ਕਾਰਨ ਪੰਜਾਬ ਭਾਜਪਾ ਵੱਲ ਆਸ ਦੀਆਂ ਨਜ਼ਰਾਂ ਨਾਲ ਦੇਖ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਆਰਥਿਕ ਤੌਰ ’ਤੇ ਪੱਛੜਦਾ-ਪੱਛੜਦਾ 2001 ਵਿੱਚ ਚੌਥੇ ਅਤੇ 2021 ਤਕ ਦੇਸ਼ ਦੇ ਸਭ ਤੋਂ ਹੇਠਲੇ ਡੰਡੇ ’ਤੇ ਆ ਗਿਆ ਹੈ। ਪੰਜਾਬ ਦੀ ਹਾਲਤ ਇੰਨੀ ਪਤਲੀ ਅਤੇ ਚਿੰਤਾਜਨਕ ਹੋ ਚੁੱਕੀ ਹੈ ਕਿ ਸੂਬਾ 4 ਲੱਖ ਕਰੋੜ ਰੁਪਏ ਦਾ ਕਰਜ਼ਈ ਹੈ ਅਤੇ ਇਸ ਦੇ ਕੁੱਲ ਮਾਲੀਆ ਆਮਦਨ ਦਾ ਇੱਕ ਤਿਹਾਈ ਹਿੱਸਾ ਸਿਰਫ ਵਿਆਜ ਅਦਾ ਕਰਨ ਵਿਚ ਹੀ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ 1981 ਵਿੱਚ ਪੰਜਾਬ ਖੁਸ਼ਹਾਲੀ ਦਾ ਰੋਲ ਮਾਡਲ ਸੀ, ਜਿਸ ਦੀ ਜੀਡੀਪੀ ਸਿਖਰਲੇ ਡੰਡੇ ’ਤੇ ਸੀ ਪਰ ਅਸੀਮ ਸੰਭਾਵਨਾਵਾਂ ਨਾਲ ਭਰਪੂਰ ਪੰਜਾਬ ਦੀ ਸੱਤਾ ’ਤੇ ਕਾਬਜ਼ ਰਹੇ ਗਾਂਧੀ ਅਤੇ ਬਾਦਲ ਪਰਿਵਾਰਾਂ ਨੇ ਸੂਬੇ ਨੂੰ ਡੂੰਘੇ ਆਰਥਿਕ ਸੰਕਟ ਵਿੱਚ ਸੁੱਟ ਦਿੱਤਾ ਹੈ।
ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਣ ਉੱਪਰ ਸਵਾਲ ਚੁੱਕਦਿਆਂ ਸ਼ੇਖਾਵਤ ਨੇ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਖ਼ਰਾਬ ਹੋ ਗਈ ਹੈ। ਲੋਕਾਂ ਵਿੱਚ ਡਰ ਦਾ ਮਾਹੌਲ ਬਣਦਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਹੀ ਸੱਤਾ ਵਿੱਚ ਆ ਕੇ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰੱਖ ਸਕਦੀ ਹੈ।
ਉਨ੍ਹਾਂ ਕਿਹਾ ਕਿ ਨਿਰੋਲ ਕਿਸਾਨੀ ਹਿੱਤਾਂ ਦੇ ਦਮਗਜੇ ਮਾਰਨ ਵਾਲੀਆਂ ਕਿਸਾਨ ਯੂਨੀਅਨਾਂ ਵੱਲੋਂ ਵੀ ਯੂ-ਟਰਨ ਲੈਂਦੇ ਹੋਏ ਚੋਣਾਂ ਵਿਚ ਕੁੱਦਣਾ ਉਨ੍ਹਾਂ ਦੀ ਪੋਲ ਖੋਲ੍ਹਣ ਲਈ ਕਾਫੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨਿੱਘਰੀ ਕਾਨੂੰਨ ਵਿਵਸਥਾ, ਮਾਈਨਿੰਗ ਮਾਫੀਆ, ਸ਼ਰਾਬ ਮਾਫੀਆ, ਰੇਤ ਮਾਫੀਆ ਅਤੇ ਭਾਈਚਾਰਕ ਸਾਂਝ ਨੂੰ ਦਰਪੇਸ਼ ਚੁਣੌਤੀਆਂ ਬਾਰੇ ਇਨ੍ਹਾਂ ’ਚੋਂ ਕਿਸੇ ਵੀ ਧਿਰ ਕੋਲ ਕੋਈ ਨੀਤੀ ਨਹੀਂ ਹੈ। ਇਸ ਲਈ ਪੰਜਾਬ ਵਾਸੀ ਭਾਜਪਾ ਨੂੰ ਸੱਤਾ ਸੌਂਪਣ ਲਈ ਪੂਰੀ ਤਰ੍ਹਾਂ ਮਨ ਬਣਾ ਚੁੱਕੇ ਹਨ। ਇਸ ਮੌਕੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਵਿਜੈ ਸਾਂਪਲਾ, ਸਰਬਜੀਤ ਸਿੰਘ ਮੱਕੜ, ਸੰਗਠਨ ਜਨਰਲ ਸਕੱਤਰ ਪਵਨ ਰਾਣਾ ਵੀ ਮੌਜੂਦ ਸਨ।
‘ਸਬਜ਼ਬਾਗ ਦਿਖਾ ਕੇ ਪੰਜਾਬ ਦੀ ਸੱਤਾ ਹਥਿਆਉਣਾ ਚਾਹੁੰਦੇ ਨੇ ਕੇਜਰੀਵਾਲ’
ਕੇਜਰੀਵਾਲ ਦੇ ਦਿੱਲੀ ਵਿਕਾਸ ਮਾਡਲ ਦੀ ਪੋਲ ਖੋਲ੍ਹਦਿਆਂ ਸ਼ੇਖਾਵਤ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਦੇ 13 ਹਜ਼ਾਰ ਕਰੋੜ ਦੇ ਫੰਡ ਰੋਕ ਕੇ ਵਿਕਾਸ ਵਿੱਚ ਅੜਚਨ ਪਾਉਣ ਵਾਲੇ ਝੂਠੇ ਸੁਫ਼ਨੇ ਦਿਖਾ ਕੇ ਕੇਜਰੀਵਾਲ ਹੁਣ ਪੰਜਾਬ ਦੀ ਸੱਤਾ ਹਥਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਆਰਥਿਕ ਤੌਰ ’ਤੇ ਦੀਵਾਲੀਆ ਹੋਇਆ ਪੰਜਾਬ ਝੂਠੇ ਲਾਰਿਆਂ ਤੇ ਗਾਰੰਟੀਆਂ ਦਾ ਬੋਝ ਕਿਵੇਂ ਚੁੱਕ ਸਕੇਗਾ।