ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਜਨਵਰੀ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਬਿੱਲ ’ਤੇ ਰਾਜਪਾਲ ਦਫ਼ਤਰ ਵੱਲੋਂ ਉਠਾਏ ਸੁਆਲਾਂ ਦੇ ਪੰਜਾਬ ਸਰਕਾਰ ਤੋਂ ਜੁਆਬ ਮੰਗੇ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਬੀਤੇ ਦਿਨੀਂ ਕਿਹਾ ਸੀ ਕਿ ਪੰਜਾਬ ਵਿਧਾਨ ਸਭਾ ਵੱਲੋਂ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਵਾਲਾ ਬਿੱਲ ਰਾਜਪਾਲ ਨੇ ਦੱਬ ਰੱਖਿਆ ਹੈ। ਰਾਜਪਾਲ ਦਫ਼ਤਰ ਨੇ ਐਤਵਾਰ ਨੂੰ ਬਿਆਨ ਜਾਰੀ ਕਰ ਕੇ ਮੁੱਖ ਮੰਤਰੀ ਚੰਨੀ ਵੱਲੋਂ ਇਸ ਬਿੱਲ ਸਬੰਧੀ ਪੇਸ਼ ਕੀਤੀ ਜਾਣਕਾਰੀ ਨੂੰ ਤੱਥਹੀਣ ਦੱਸਿਆ ਹੈ। ਗਵਰਨਰ ਨੇ ਸਪੱਸ਼ਟ ਕੀਤਾ ਕਿ ਕੱਚੇ ਕਾਮਿਆਂ ਨੂੰ ਪੱਕੇ ਕੀਤੇ ਜਾਣ ਵਾਲੇ ਬਿੱਲ ’ਤੇ ਉਨ੍ਹਾਂ ਵੱਲੋਂ ਛੇ ਨੁਕਤੇ ਉਠਾਏ ਗਏ ਸਨ ਜਿਨ੍ਹਾਂ ਦਾ ਜੁਆਬ ਪੰਜਾਬ ਸਰਕਾਰ ਨੇ ਹਾਲੇ ਤੱਕ ਨਹੀਂ ਦਿੱਤਾ ਹੈ। ਰਾਜਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਿੱਲ ਬਾਰੇ ਫਾਈਲ 31 ਦਸੰਬਰ ਨੂੰ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਸੀ। ਇਹ ਬਿੱਲ 11 ਨਵੰਬਰ ਨੂੰ ਪਾਸ ਕੀਤਾ ਗਿਆ ਸੀ, ਪਰ ਰਾਜ ਸਰਕਾਰ ਨੇ ਇਹ 20 ਦਿਨਾਂ ਮਗਰੋਂ ਪਹਿਲੀ ਦਸੰਬਰ ਨੂੰ ਰਾਜ ਭਵਨ ਨੂੰ ਭੇਜਿਆ ਸੀ।